ਯੂਪੀ ਤੋਂ ਵਾਪਿਸ ਪਰਤ ਰਹੇ ਸ੍ਰੀ ਮਾਛੀਵਾੜਾ ਸਾਹਿਬ ਦੇ ਪਰਿਵਾਰ ਨਾਲ ਵਾਪਰੇ ਭਿਆਨਕ ਸੜਕ ਹਾਦਸੇ ’ਚ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਮੌਤ
ਸ੍ਰੀ ਮਾਛੀਵਾੜਾ ਸਾਹਿਬ, 16 ਜੁਲਾਈ (ਦਰਸ਼ਨ ਚੋਪੜਾ, ਰਾਜੀਵ ਕੁਮਾਰ ਰੋਜ਼ੀ, ਨਰੇਸ਼ ਭਾਟੀਆ) : ਸ੍ਰੀ ਮਾਛੀਵਾੜਾ ਸਾਹਿਬ ਦੇ ਇਲਾਕੇ ਦੇ ਲੋਕਾਂ ਨੂੰ ਉਸ ਸਮੇਂ ਦੁਖਦਾਈ ਖ਼ਬਰ ਮਿਲੀ, ਜਦੋਂ ਯੂ. ਪੀ. ਤੋਂ ਪਰਤ ਰਹੇ ਇੱਥੋਂ ਦੇ ਪਰਿਵਾਰ ਨਾਲ ਵੱਡਾ ਸੜਕ ਹਾਦਸਾ ਵਾਪਰ ਗਿਆ। ਇਸ ਵਿਚ 3 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸ੍ਰੀ ਮਾਛੀਵਾੜਾ ਸਾਹਿਬ ਦੇ ਆੜ੍ਹਤੀ ਅਤੇ ਸ਼ੈਲਰ ਮਾਲਕ ਸੰਤੋਖ ਸਿੰਘ ਬਾਜਵਾ (65) ਵਾਸੀ ਪਿੰਡ ਇਰਾਕ, ਹਰਜੀਤ ਸਿੰਘ (60) ਵਾਸੀ ਹਾਦੀਵਾਲ ਅਤੇ ਭੁਪਿੰਦਰ ਕੌਰ ਦੀ ਮੌਤ ਹੋ ਗਈ। ਹਾਦਸੇ ’ਚ ਆੜ੍ਹਤੀ ਮੁਕੰਦ ਸਿੰਘ ਬੈਨੀਪਾਲ ਅਤੇ ਲਾਡੀ ਸਿੰਘ ਜਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮੁਕੰਦ ਸਿੰਘ ਬੈਨੀਪਾਲ ਲਖੀਮਪੁਰ ਖੇਰੀ (ਯੂ.ਪੀ.) ਵਿਖੇ ਖੇਤੀਬਾੜੀ ਕਰਦੇ ਹਨ, ਜਿਨ੍ਹਾਂ ਦਾ ਕਾਰੋਬਾਰ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਵੀ ਹੈ। ਆੜ੍ਹਤੀ ਸੰਤੋਖ ਸਿੰਘ ਬਾਜਵਾ ਅਤੇ ਹਰਜੀਤ ਸਿੰਘ ਹਾਦੀਵਾਲ ਵੀ ਇਨ੍ਹਾਂ ਦੇ ਰਿਸ਼ਤੇਦਾਰ ਹਨ, ਜੋ ਕਿ ਯੂ. ਪੀ. ਵਿਖੇ ਇਨ੍ਹਾਂ ਨੂੰ ਮਿਲਣ ਲਈ ਗਏ ਸਨ।ਅੱਜ ਜਦੋਂ ਮੁਕੰਦ ਸਿੰਘ ਬੈਨੀਪਾਲ ਆਪਣੇ ਸਮੇਤ ਇਨ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਸਕਾਰਪਿਓ ਗੱਡੀ ਰਾਹੀਂ ਯੂ. ਪੀ. ਤੋਂ ਸ੍ਰੀ ਮਾਛੀਵਾੜਾ ਸਾਹਿਬ ਆ ਰਹੇ ਸਨ ਤਾਂ ਰਸਤੇ ’ਚ ਸਵੇਰੇ 7.30 ਵਜੇ ਬਰੇਲੀ ਸ਼ਹਿਰ ਨੇੜੇ ਨਿਰਮਾਣ ਅਧੀਨ ਹਾਈਵੇ ਤੋ ਲੰਘਦਿਆਂ ਕੈਂਟਰ ਨਾਲ ਸਿੱਧੀ ਟੱਕਰ ਹੋ ਗਈ। ਇਹ ਸੜਕ ਹਾਦਸਾ ਇੰਨਾ ਭਿਆਨਕ ਸੀ ਕਿ ਆੜ੍ਹਤੀ ਸੰਤੋਖ ਸਿੰਘ, ਭੁਪਿੰਦਰ ਕੌਰ ਅਤੇ ਹਰਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਮੁਕੰਦ ਸਿੰਘ ਅਤੇ ਉਨ੍ਹਾਂ ਦਾ ਭਾਣਜਾ ਲਾਡੀ ਸਿੰਘ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਬਰੇਲੀ ਦੇ ਨਵਾਬਗੰਜ ਥਾਣਾ ਦੀ ਪੁਲਸ ਵਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਤਿੰਨੋਂ ਹੀ ਆਪਸ ’ਚ ਰਿਸ਼ਤੇਦਾਰ ਹਨ ਅਤੇ ਜਦੋਂ ਉਨ੍ਹਾਂ ਦੀ ਮੌਤ ਦੀ ਸੂਚਨਾ ਘਰ ’ਚ ਪਹੁੰਚੀ ਤਾਂ ਮਾਹੌਲ ਬਹੁਤ ਹੀ ਗ਼ਮਗੀਨ ਹੋ ਗਿਆ। ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦੇਹਾਂ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਲਿਆਂਦੀਆਂ ਜਾਣਗੀਆਂ, ਜਿੱਥੇ ਅੰਤਿਮ ਸਸਕਾਰ ਕੀਤਾ ਜਾਵੇਗਾ।ਇਸ ਹਾਦਸੇ ’ਚ ਆੜ੍ਹਤੀ ਸੰਤੋਖ ਸਿੰਘ ਬਾਜਵਾ, ਆੜ੍ਹਤੀ ਮੁਕੰਦ ਸਿੰਘ ਬੈਨੀਪਾਲ ਦੀ ਪਤਨੀ ਭੁਪਿੰਦਰ ਕੌਰ ਦੀ ਮੌਤ ’ਤੇ ਸ੍ਰੀ ਮਾਛੀਵਾੜਾ ਸਾਹਿਬ ਸੱਚਾ ਸੌਦਾ ਆੜ੍ਹਤੀ ਐਸੋਸ਼ੀਏਸ਼ਨ ਅਤੇ ਸ਼ੈਲਰ ਐਸੋਸ਼ੀਏਸ਼ਨ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਕਿਹਾ ਕਿ ਸਵ. ਸੰਤੋਖ ਸਿੰਘ ਬਾਜਵਾ ਬਹੁਤ ਹੀ ਨੇਕਦਿਲ ਤੇ ਮਿਲਣਸਾਰ ਵਿਅਕਤੀ ਸਨ, ਜਿਨ੍ਹਾਂ ਦੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ, ਉੱਥੇ ਇਲਾਕੇ ’ਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਸ਼ੈਲਰ ਐਸੋਸ਼ੀਏਸ਼ਨ ਦੇ ਪ੍ਰਧਾਨ ਅਸ਼ੋਕ ਸੂਦ ਅਤੇ ਚੇਅਰਮੈਨ ਹੁਸਨ ਲਾਲ ਮੜਕਨ ਨੇ ਵੀ ਇਸ ਸੜਕ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਅੱਜ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਆੜ੍ਹਤੀ ਤੇ ਸ਼ੈਲਰ ਮਾਲਕ ਵੀ ਪੁੱਜੇ।


