ਨਵੀਂ ਦਿੱਲੀ : ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਦੇਸ਼ ਦਾ ਹਰ ਨਾਗਰਿਕ ਇਕ ਹੀ ‘ਪਰਿਵਾਰ’ ਦਾ ਹਿੱਸਾ ਹੈ ਪਰ ਕੁਝ ਮਤਭੇਦ ਹੋਣੇ ਵੀ ਸੁਭਾਵਿਕ ਹਨ। ਐਤਵਾਰ ਇੱਥੇ ਆਰ. ਐੱਸ. ਐੱਸ. ਦੇ ਇਕ ਪ੍ਰੋਗਰਾਮ ‘’ਰਾਸ਼ਟਰ ਵੰਦਨਮ’ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਦੇਸ਼ ਦੇ ਨੌਜਵਾਨ ਚਾਹੁੰਦੇ ਹਨ ਕਿ ਭਾਰਤ ਦੁਨੀਆ ਦਾ ਮੋਹਰੀ ਦੇਸ਼ ਬਣੇ ਤੇ ਉਹ ‘ਰਾਸ਼ਟਰ ਪਹਿਲਾਂ’ ਦੀ ਵਿਚਾਰਧਾਰਾ ’ਚ ਭਰੋਸਾ ਰੱਖਦੇ ਹਨ। ਸੰਗਠਨ ਦੇ ਵਾਲੰਟੀਅਰ ਲੋਕਾਂ ਦੇ ਦੁੱਖਾਂ ਨੂੰ ਵੇਖ ਕੇ ਸਮਾਜ ਲਈ ਕੰਮ ਕਰਨ ਲਈ ਪ੍ਰੇਰਿਤ ਹੁੰਦੇ ਹਨ ਅਤੇ ਉਹ 100 ਸਾਲਾਂ ਤੋਂ ਅਜਿਹਾ ਕਰ ਰਹੇ ਹਨ ਅਤੇ ਕਰਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਹਰ ਆਰ. ਐੱਸ. ਐੱਸ. ਦੇ ਵਾਲੰਟੀਅਰ ਸਾਡੇ ਸਮਾਜ, ਸਾਡੇ ਦੇਸ਼ ਤੇ ਸਾਡੇ ਲੋਕਾਂ ਲਈ ਕੰਮ ਕਰਨ ਦੇ ਫਲਸਫੇ ’ਚ ਭਰੋਸਾ ਰੱਖਦੇ ਹਨ। ਅਸੀਂ ਚਾਹੁੰਦੇ ਹਾਂ ਕਿ ਪੂਰਾ ਸਮਾਜ ਆਰ. ਐੱਸ. ਐੱਸ. ਦਾ ਪਾਲਣ ਕਰੇ ਪਰ ਇਸ ਲਈ ਹਰ ਕਿਸੇ ਲਈ ‘ਸ਼ਾਖਾ’ ’ਚ ਆਉਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਨੂੰ ਸਿਰਫ਼ ਸਮਾਜ ਲਈ ਕੰਮ ਕਰਨ ਦੀ ਲੋੜ ਹੈ।
ਭਾਗਵਤ ਨੇ ਕਿਹਾ ਕਿ ਸੰਘ ਦੇ ਵਾਲੰਟੀਅਰਾਂ ਨੇ 100 ਸਾਲਾਂ ਤੋਂ ਤਪੱਸਿਆ ਕੀਤੀ ਹੈ ਤੇ ਉਨ੍ਹਾਂ ਨੂੰ ਅਜਿਹਾ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਹਿੰਦੂ ਸਮਾਜ ਉਨ੍ਹਾਂ ਤੋਂ ਇਹੀ ਉਮੀਦ ਕਰਦਾ ਹੈ। ਉਨ੍ਹਾਂ ‘ ਸਵੈਮ ਸੇਵਕਾਂ’ ਨੂੰ ਵੀ ਅਪੀਲ ਕੀਤੀ ਕਿ ਉਹ ਦੇਸ਼ ਨੂੰ ਵਿਸ਼ਵ ਪੱਧਰ ’ਤੇ ਹੋਰ ਵੀ ਉਚਾਈਆਂ ‘ਤੇ ਲਿਜਾਣ ਲਈ ਸਖ਼ਤ ਮਿਹਨਤ ਕਰਨ। ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਹਰ ਭਾਰਤੀ ਇਕ ਹੈ। ਭਾਰਤ ਹਰ ਨਾਗਰਿਕ ਦੇ ਦਿਲ ’ਚ ਉੱਭਰ ਰਿਹਾ ਹੈ।
ਹਾਲ ਹੀ ਦੇ ਮਹੀਨਿਆਂ ’ਚ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਤੇ ਸੰਘ ਦੇ ਅਹੁਦੇਦਾਰਾਂ ਦੇ ਵਿਦੇਸ਼ੀ ਦੌਰਿਆਂ ਦਾ ਹਵਾਲਾ ਦਿੰਦੇ ਹੋਏ ਭਾਗਵਤ ਨੇ ਕਿਹਾ ਕਿ ਅਸੀਂ ਭਾਰਤ, ਆਰ. ਐੱਸ. ਐੱਸ. ਅਤੇ ਆਪਣੇ ਕੰਮ ਬਾਰੇ ਦੁਨੀਆ ਨੂੰ ਦੱਸਣ ਲਈ 5 ਮਹਾਂਦੀਪਾਂ ਦੇ ਵੱਖ-ਵੱਖ ਦੇਸ਼ਾਂ ਦਾ ਦੌਰਾ ਕੀਤਾ। ਹਰ ਥਾਂ ਭਾਰਤ ਤੇ ਇਸ ਦੇ ਲੋਕਾਂ ਲਈ ਬਹੁਤ ਸਦਭਾਵਨਾ ਹੈ।


