ਲੁਧਿਆਣਾ ਦੇ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਲੱਖੋਵਾਲ ਦੇ ਕੁਹਾੜਾ ਰੋਡ ਅਤੇ ਆਸ-ਪਾਸ ਦੇ ਉਦਯੋਗਿਕ ਇਲਾਕਿਆਂ ਵਿੱਚ ਚੱਲ ਰਹੀਆਂ ਕੁਝ ਡਾਇੰਗ ਫੈਕਟਰੀਆਂ ਵੱਲੋਂ ਵਾਤਾਵਰਨ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਜ਼ਹਿਰੀਲੀ ਸਲੱਜ ਅਤੇ ਕੈਮੀਕਲ ਭਰਿਆ ਕਚਰਾ ਖਾਲੀ ਅਤੇ ਬੇਆਬਾਦ ਪਲਾਟਾਂ ਵਿੱਚ ਸੁੱਟੇ ਜਾਣ ਦੇ ਦੋਸ਼ ਸਾਹਮਣੇ ਆਏ ਹਨ। ਇਸ ਕਾਰਨ ਇਲਾਕੇ ਵਿੱਚ ਪ੍ਰਦੂਸ਼ਣ, ਬਦਬੂ ਅਤੇ ਲੋਕਾਂ ਦੀ ਸਿਹਤ ਲਈ ਗੰਭੀਰ ਖਤਰੇ ਪੈਦਾ ਹੋ ਰਹੇ ਹਨ।
ਸਥਾਨਕ ਲੋਕਾਂ ਅਨੁਸਾਰ ਕੁਝ ਫੈਕਟਰੀ ਮਾਲਕ ਆਪਣੀਆਂ ਇਕਾਈਆਂ ਵਿੱਚੋਂ ਨਿਕਲਣ ਵਾਲੀ ਜ਼ਹਿਰੀਲੀ ਸਲੱਜ ਨੂੰ ਨਿਯਮਾਂ ਅਨੁਸਾਰ ਟ?ਰੀਟਮੈਂਟ ਪਲਾਂਟ ਤੱਕ ਭੇਜਣ ਦੀ ਬਜਾਏ ਟਰਾਲੀਆਂ ਰਾਹੀਂ ਚੋਰੀ-ਛੁਪੇ ਨੇੜਲੇ ਖਾਲੀ ਪਲਾਟਾਂ ਵਿੱਚ ਸੁੱਟ ਰਹੇ ਹਨ। ਇਹ ਕੰਮ ਜ਼ਿਆਦਾਤਰ ਰਾਤ ਦੇ ਸਮੇਂ ਕੀਤਾ ਜਾਂਦਾ ਹੈ ਤਾਂ ਜੋ ਪ੍ਰਸ਼ਾਸਨ ਅਤੇ ਲੋਕਾਂ ਦੀ ਨਿਗਾਹ ਤੋਂ ਬਚਿਆ ਜਾ ਸਕੇ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਜ਼ਹਿਰੀਲੇ ਕਚਰੇ ਕਾਰਨ ਹਵਾ ਅਤੇ ਮਿੱਟੀ ਲਗਾਤਾਰ ਪ੍ਰਦੂਸ਼ਿਤ ਹੋ ਰਹੀ ਹੈ। ਮੀਂਹ ਦੇ ਮੌਸਮ ਦੌਰਾਨ ਇਹ ਕੈਮੀਕਲ ਧਰਤੀ ਹੇਠਲੇ ਪਾਣੀ ਵਿੱਚ ਰਲ ਕੇ ਵਾਤਾਵਰਨ ਅਤੇ ਮਨੁੱਖੀ ਸਿਹਤ ਲਈ ਹੋਰ ਵੀ ਵੱਡਾ ਖਤਰਾ ਬਣ ਸਕਦੇ ਹਨ। ਲੋਕਾਂ ਨੇ ਦੋਸ਼ ਲਗਾਇਆ ਕਿ ਇਸ ਗੈਰ-ਕਾਨੂੰਨੀ ਕਾਰਵਾਈ ਬਾਰੇ ਸਬੰਧਤ ਵਿਭਾਗਾਂ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਵਿਭਾਗੀ ਮਿਲੀਭੁਗਤ ਦੇ ਸ਼ੱਕ ਪੈਦਾ ਹੋ ਰਹੇ ਹਨ।
ਸਮਾਜਿਕ ਸੰਸਥਾਵਾਂ ਅਤੇ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਤੁਰੰਤ ਜਾਂਚ ਕਰਵਾ ਕੇ ਦੋਸ਼ੀ ਫੈਕਟਰੀ ਮਾਲਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਾਲ ਹੀ ਜਿੱਥੇ-ਜਿੱਥੇ ਜ਼ਹਿਰੀਲੀ ਸਲੱਜ ਸੁੱਟੀ ਗਈ ਹੈ, ਉਥੇ ਵਿਗਿਆਨਕ ਢੰਗ ਨਾਲ ਸਫਾਈ ਕਰਵਾ ਕੇ ਲੋਕਾਂ ਨੂੰ ਪ੍ਰਦੂਸ਼ਣ ਅਤੇ ਬਿਮਾਰੀਆਂ ਦੇ ਖਤਰੇ ਤੋਂ ਬਚਾਇਆ ਜਾਵੇ।
ਟੀਮ ਭੇਜ ਕੇ ਕਰਵਾਈ ਜਾਵੇਗੀ ਜਾਂਚ: ਐੱਸ.ਈ. –
ਇਸ ਸਬੰਧੀ ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ.ਈ. ਵਿਜੇ ਕੁਮਾਰ ਨਾਲ ਉਨ੍ਹਾਂ ਦੇ ਮੋਬਾਈਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਵਿਭਾਗੀ ਟੀਮ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਮੌਕੇ ’ਤੇ ਡਾਇੰਗ ਫੈਕਟਰੀਆਂ ਦੀ ਸਲੱਜ ਸੁੱਟੀ ਜਾਣ ਦੀ ਪੁਸ਼ਟੀ ਹੁੰਦੀ ਹੈ ਤਾਂ ਰਾਤ ਸਮੇਂ ਵੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


