
ਕਾਠਗੜ੍ਹ ਵਿਖੇ ਖੱਡ ਦੇ ਸੁਰੱਖਿਆ ਬੰਨ੍ਹ ਨੂੰ ਤੋੜ ਕੇ ਸਰਕਾਰੀ ਸੰਪੱਤੀ ਨੂੰ ਤਹਿਸ-ਨਹਿਸ ਕਰਨ ਦਾ ਇੱਕ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਇਲਾਕੇ ਵਿੱਚ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਜਾਣਕਾਰੀ ਅਨੁਸਾਰ ਸੂਰਾਪੁਰ ਦੇ ਰਹਿਣ ਵਾਲੇ ਰਾਜ ਕੁਮਾਰ ਪੁੱਤਰ ਗੁਰਮੇਲ ਚੰਦ ਵੱਲੋਂ ਆਪਣੀ ਨਿੱਜੀ ਜ਼ਮੀਨ ਪੱਧਰੀ ਕਰਨ ਅਤੇ ਉਸ ਦਾ ਦਾਇਰਾ ਵਧਾਉਣ ਦੇ ਲਾਲਚ ਵਿੱਚ ਤਿੰਨ ਪੁਸ਼ਤਾਂ ਯਾਨੀ ਕਰੀਬ 50 ਤੋਂ 60 ਸਾਲ ਪੁਰਾਣੇ ਸਰਕਾਰੀ ਬੰਨ੍ਹ ਨੂੰ ਵਾਹ ਕੇ ਪੱਧਰਾ ਕਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਡਰੇਨਜ਼ ਵਿਭਾਗ ਵੱਲੋਂ ਲੱਖਾਂ ਰੁਪਏ ਦਾ ਵੱਡਾ ਪ੍ਰੋਜੈਕਟ ਲਗਾ ਕੇ ਪਿੰਡ ਕਾਠਗੜ੍ਹ ਦੀ ਸੁਰੱਖਿਆ ਲਈ ਇੱਥੇ ਪੱਥਰ ਦੀਆਂ ਪੱਕੀਆਂ ਠੋਕਰਾਂ ਲਗਾਈਆਂ ਗਈਆਂ ਸਨ, ਪਰ ਉਕਤ ਵਿਅਕਤੀ ਵੱਲੋਂ ਉਨ੍ਹਾਂ ਸਰਕਾਰੀ ਪੱਥਰਾਂ ਨੂੰ ਵੀ ਮਿੱਟੀ ਹੇਠਾਂ ਦੱਬ ਕੇ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਗਿਆ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋਏ ਅਤੇ ਉਨ੍ਹਾਂ ਵੱਲੋਂ ਇਸ ਧੱਕੇਸ਼ਾਹੀ ਖ਼?ਲਾਫ਼ ਰੋਸ ਜਾਹਰ ਕੀਤਾ ਗਿਆ।
ਇਸ ਮਾਮਲੇ ਨੂੰ ਲੈ ਕੇ ਕਾਠਗੜ੍ਹ ਦੀ ਸਰਪੰਚ ਰਿਸ਼ੂ ਬਾਲਾ ਤੇ ਪੰਚਾਇਤ ਮੈਂਬਰਾਂ ਸਮੇਤ ਇਲਾਕੇ ਦੇ ਮੋਹਤਬਰਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਕੀਤੀ ਗਈ ਕਾਰਵਾਈ ਦਾ ਡਟਵਾਂ ਵਿਰੋਧ ਕੀਤਾ ਗਿਆ। ਸਰਪੰਚ ਰਿਸ਼ੂ ਬਾਲਾ ਅਤੇ ਹੋਰਨਾਂ ਪੰਚਾਇਤ ਮੈਂਬਰਾਂ ਨੇ ਆਖਿਆ ਕਿ ਇਹ ਬੰਨ੍ਹ ਕਾਠਗੜ੍ਹ ਪਿੰਡ ਅਤੇ ਆਲੇ-ਦੁਆਲੇ ਦੇ ਪਿੰਡਾਂ ਲਈ ਇੱਕ ਲਾਈਫਲਾਈਨ ਹੈ। ਬਰਸਾਤ ਦੇ ਦਿਨਾਂ ਵਿੱਚ ਜਦੋਂ ਜੰਗਲ ਦਾ ਤੇਜ਼ ਪਾਣੀ ਆਉਂਦਾ ਹੈ, ਤਾਂ ਇਹ ਬੰਨ੍ਹ ਹੀ ਪਿੰਡਾਂ ਦੀ ਰਾਖੀ ਕਰਦਾ ਹੈ। ਜੇਕਰ ਇਹ ਬੰਨ੍ਹ ਦੁਬਾਰਾ ਬਹਾਲ ਨਾ ਕੀਤਾ ਗਿਆ, ਤਾਂ ਬਰਸਾਤੀ ਪਾਣੀ ਸਿੱਧਾ ਕਾਠਗੜ੍ਹ ਦੀਆਂ ਗਲੀਆਂ ਅਤੇ ਘਰਾਂ ਵਿੱਚ ਵੜ ਜਾਵੇਗਾ, ਜਿਸ ਨਾਲ ਕਰੋੜਾਂ ਰੁਪਏ ਦਾ ਮਾਲੀ ਅਤੇ ਜਾਨੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪਾਣੀ ਇੱਥੇ ਪਾਣੀ ਆਇਆ ਸੀ, ਤਾਂ ਇਸੇ ਖ਼ਤਰੇ ਕਾਰਨ ਪਿੰਡ ਬੜੀ ਮੁਸ਼ਕਿਲ ਨਾਲ ਬਚਿਆ ਸੀ। ਪੰਚਾਇਤਾਂ ਵੱਲੋਂ ਇਸ ਸਬੰਧੀ ਡਿਪਟੀ ਕਮਿਸ਼ਨਰ (ਡੀ.ਸੀ.) ਅਤੇ ਡਰੇਨੇਜ਼ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਭੇਜ ਕੇ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਗਈ ਹੈ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਵਿੱਕੀ ਚੌਧਰੀ ਕਾਠਗੜ੍ਹ ਅਤੇ ਮੌਜੂਦਾ ਬਲਾਕ ਸੰਮਤੀ ਮੈਂਬਰ ਸੁਰੇਸ਼ ਕੁਮਾਰ ਪੈਨੀ ਪਹਿਲਵਾਨ ਕਾਠਗੜ੍ਹ ਨੇ ਸਖ਼ਤ ਲਹਿਜੇ ਵਿੱਚ ਆਖਿਆ ਕਿ ਸਰਕਾਰੀ ਬੰਨ੍ਹ ਨੂੰ ਢਾਹੁਣ ਦਾ ਕਿਸੇ ਵੀ ਨਿੱਜੀ ਮਾਲਕ ਨੂੰ ਕੋਈ ਹੱਕ ਨਹੀਂ ਹੈ, ਭਾਵੇਂ ਜ਼ਮੀਨ ਕਿਸੇ ਦੇ ਅੰਦਰ ਆਉਂਦੀ ਹੋਵੇ ਜਾਂ ਬਾਹਰ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਲੱਖਾਂ ਰੁਪਏ ਖ਼ਰਚ ਕੇ ਇਹ ਠੋਕਰਾਂ ਲਗਾਈਆਂ ਗਈਆਂ ਸਨ, ਜਿਨ੍ਹਾਂ ਨੂੰ ਨਸ਼ਟ ਕਰਨਾ ਇੱਕ ਵੱਡਾ ਅਪਰਾਧ ਹੈ। ਪਿੰਡ ਵਾਸੀਆਂ ਅਤੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਕਤ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਈ ਅਤੇ ਬੰਨ੍ਹ ਨੂੰ ਪਹਿਲਾਂ ਵਾਂਗ ਦੁਬਾਰਾ ਖੜ੍ਹਾ ਨਾ ਕੀਤਾ ਗਿਆ, ਤਾਂ ਪੰਚਾਇਤ ਅਤੇ ਪੂਰਾ ਇਲਾਕਾ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗਾ। ਮੌਕੇ ’ਤੇ ਸਰਪੰਚ ਰਿਸ਼ੂ ਬਾਲਾ, ਸੇਵਾਦਾਰ ਕਾਲੇ ਸ਼ਾਹ, ਜਸਵਿੰਦਰ ਕੁਮਾਰ ਵਿੱਕੀ, ਦੀਪੂ ਕਾਠਗੜ੍ਹ ਖੁਰਦ, ਸੇਵਕ, ਦੀਪੂ, ਪੱਪੂ, ਦਿਆਲ ਕੌਰ ਸਮੇਤ ਵੱਡੀ ਗਿਣਤੀ ਵਿੱਚ ਬੀਬੀਆਂ ਅਤੇ ਪਿੰਡ ਵਾਸੀ ਹਾਜ਼ਰ ਸਨ। ਜਦੋਂ ਇਸ ਸਬੰਧੀ ਰਾਜ ਕੁਮਾਰ ਸੂਰਾਪੁਰ ਨਾਲ ਪੱਖ ਜਾਣਨ ਲਈ ਗੱਲਬਾਤ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਜਮੀਨ ਦੇ ਵਿੱਚ ਬੰਨ੍ਹ ਆਉਂਦਾ ਸੀ ਇਸ ਕਰਕੇ ਮੈ ਪੱਧਰਾਂ ਕਰ ਦਿੱਤਾ ਹੈ
– ਦੂਜੇ ਪਾਸੇ ਜਦੋਂ ਇਸ ਗੰਭੀਰ ਮਾਮਲੇ ਸਬੰਧੀ ਡਰੇਨੇਜ਼ ਅਤੇ ਟ੍ਰੇਨਿੰਗ ਵਿਭਾਗ ਦੇ ਐਸ.ਡੀ.ਓ. ਹਰਕੰਵਲ ਸਿੰਘ ਹੀਰਾ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਅਤੇ ਗੰਭੀਰ ਮਾਮਲਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜਲਦੀ ਹੀ ਇਸ ਸਬੰਧੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਉਕਤ ਵਿਅਕਤੀ ਨੂੰ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜਦੋਂ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ, ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਕਾਠਗੜ੍ਹ ਦਾ ਇਹ ਬੰਨ੍ਹ ਇਲਾਕੇ ਦੀ ਸੁਰੱਖਿਆ ਲਈ ਬਹੁਤ ਅਹਿਮ ਹੈ ਅਤੇ ਕਿਸੇ ਵੀ ਹਾਲਤ ਵਿੱਚ ਕੁਤਾਹੀ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਪ੍ਰਸ਼ਾਸਨ ਵੱਲੋਂ ਐਸ.ਡੀ.ਐਮ. ਨੂੰ ਮਾਮਲੇ ਦੀ ਜਾਂਚ ਸੌਂਪ ਕੇ ਮੁਲਜ਼ਮ ਖ਼ਿਲਾਫ਼ ਤੁਰੰਤ ਕਾਨੂੰਨੀ ਪਰਚਾ (ਐਫ.ਆਈ.ਆਰ.) ਦਰਜ ਕਰਵਾਉਣ ਅਤੇ ਬੰਨ੍ਹ ਨੂੰ ਦੁਬਾਰਾ ਪਹਿਲਾਂ ਵਾਲੀ ਸਥਿਤੀ ਵਿੱਚ ਬਹਾਲ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
– ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਬੰਧਿਤ ਅਧਿਕਾਰੀਆਂ ਨੂੰ ਪੜਤਾਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਵੀ ਸਖਸ਼ ਬਖਸ਼ਿਆ ਨਹੀਂ ਜਾਵੇਗਾ ਤੇ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


