੍ਹ *ਭਾਜਪਾ ਨੂੰ ਦੱਸਣਾ ਚਾਹੀਦਾ ਹੈ ਕਿ ਪਿਛਲੇ ਛਾਪਿਆਂ ਵਿੱਚ ਕੀ ਮਿਲਿਆ; ਜਿਵੇਂ ਪਹਿਲਾਂ ਕੁੱਝ ਨਹੀਂ ਮਿਲਿਆ, ਉਵੇਂ ਹੁਣ ਵੀ ਕੁੱਝ ਨਹੀਂ ਮਿਲੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
੍ਹ *ਪੰਜਾਬ ਦੇਖ ਰਿਹਾ ਹੈ ਕਿ ਸੱਤਾ ਲਈ ਭਾਜਪਾ ਕਿਸ ਹੱਦ ਤੱਕ ਡਿੱਗ ਗਈ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
੍ਹ *ਭਾਜਪਾ ਨੂੰ ਈ.ਡੀ., ਸੀ.ਬੀ.ਆਈ. ਅਤੇ ਚੋਣ ਕਮਿਸ਼ਨ ਨੂੰ ਨੌਕਰੀ ’ਤੇ ਰੱਖ ਕੇ ਪੰਜਾਬ ਵਿੱਚ ਚੋਣਾਂ ਜਿੱਤਣ ਦਾ ਸੁਪਨਾ ਦੇਖਣਾ ਬੰਦ ਕਰ ਦੇਣਾ ਚਾਹੀਦਾ ਹੈ; ਪੰਜਾਬੀ ਸਿਰ ਕਟਾ ਸਕਦੇ ਹਨ ਪਰ ਉਹ ਕਦੇ ਵੀ ਡਰ ਅੱਗੇ ਨਹੀਂ ਝੁਕਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
੍ਹ *ਭਾਜਪਾ ਪੰਜਾਬ ਵਿੱਚ 117 ਉਮੀਦਵਾਰ ਨਹੀਂ ਲੱਭ ਸਕੀ, ਇਸ ਲਈ ਉਹ ਈ.ਡੀ. ਰਾਹੀਂ ਡਰਾ ਕੇ ‘ਆਪ’ ਆਗੂਆਂ ਨੂੰ ਤੋੜਨਾ ਚਾਹੁੰਦੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
੍ਹ *ਮੋਦੀ ਸਰਕਾਰ ਸਿਰਫ਼ ਚੋਣਾਂ ਜਿੱਤਣ ਲਈ ਫੰਡ ਰੋਕ ਕੇ ਅਤੇ ਰਾਜਪਾਲਾਂ ਦੀ ਦੁਰਵਰਤੋਂ ਕਰ ਕੇ ਵਿਰੋਧੀ ਧਿਰ ਵਾਲੇ ਸੂਬਿਆਂ ਨੂੰ ਪ੍ਰੇਸ਼ਾਨ ਕਰਦੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
ਚੰਡੀਗੜ੍ਹ, 17 ਅਪ੍ਰੈਲ (ਦੇਸ਼ ਪ੍ਰਦੇਸ਼ ਬਿਊਰੋ):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਪਿਛਲੇ ਤਿੰਨ ਦਿਨਾਂ ਵਿੱਚ ਦੋ ‘ਆਪ’ ਆਗੂਆਂ ਦੇ ਘਰਾਂ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਛਾਪਿਆਂ ਨਾਲ ਭਾਜਪਾ, ਪੰਜਾਬ ਵਿੱਚ ਚੋਣ ਮੁਹਿੰਮ ਸ਼ੁਰੂ ਕਰਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 117 ਉਮੀਦਵਾਰ ਭਾਲ ਨਾ ਸਕਣ ਵਾਲੀ ਪਾਰਟੀ ਜਨਤਾ ਦੀ ਹਮਾਇਤ ਹਾਸਲ ਕਰਨ ਦੀ ਬਜਾਏ ਡਰ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਰੋਧੀ ਸਰਕਾਰਾਂ ਨੂੰ ਰੋਕੇ ਫੰਡਾਂ, ਰਾਜਪਾਲਾਂ, ਈ.ਡੀ., ਸੀ.ਬੀ.ਆਈ. ਅਤੇ ਚੋਣ ਕਮਿਸ਼ਨ ਰਾਹੀਂ ਤੰਗ ਕੀਤਾ ਜਾ ਰਿਹਾ ਹੈ, ਜਦੋਂ ਕਿ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਆਗੂ ਇਸ ਦੀ ‘ਵਾਸ਼ਿੰਗ ਮਸ਼ੀਨ’ ਤੋਂ ਸਾਫ਼ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਡਰੇਗੀ ਨਹੀਂ, ਪੰਜਾਬੀ ਆਪਣੀ ਗਰਦਨ ਕਟਾ ਸਕਦੇ ਹਨ ਪਰ ਡਰ ਨਾਲ ਕਦੇ ਨਹੀਂ ਝੁਕਣਗੇ। ਉਨ੍ਹਾਂ ਭਾਜਪਾ ਨੂੰ ਛਾਪਿਆਂ ਤੇ ਦਬਾਅ ਦੀਆਂ ਚਾਲਾਂ ’ਤੇ ਭਰੋਸਾ ਕਰਨ ਦੀ ਬਜਾਏ ਲੋਕਾਂ ਵਿੱਚ ਕੰਮ ਕਰ ਕੇ 2027 ਦੀ ਤਿਆਰੀ ਕਰਨ ਲਈ ਕਿਹਾ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਡੇ ਦੇਸ਼ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ। ਇੱਥੇ ਲੋਕ ਆਪਣੀ ਪਸੰਦ ਦੀ ਸਰਕਾਰ ਚੁਣਦੇ ਹਨ। ਇਹ ਕੇਂਦਰ ਸਰਕਾਰ ਦਾ ਫ਼ਰਜ਼ ਹੈ ਕਿ ਉਹ ਹਰ ਸੂਬੇ ਨੂੰ ਰਾਜਨੀਤੀ ਅਤੇ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਉਸ ਦਾ ਹੱਕ ਦੇਵੇ ਪਰ ਪਿਛਲੇ ਕੁੱਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਲੋਕਤੰਤਰ ਦਾ ਹੌਲੀ-ਹੌਲੀ ਗਲਾ ਘੁੱਟਿਆ ਜਾ ਰਿਹਾ ਹੈ। ਸਾਰੀਆਂ ਗੈਰ-ਭਾਜਪਾ ਸਰਕਾਰਾਂ ਨੂੰ ਜਾਂ ਤਾਂ ਸਿੱਧੇ ਤੌਰ ’ਤੇ ਕੇਂਦਰ ਦੇ ਫੰਡ ਰੋਕ ਜਾ ਰਹੇ ਹਨ ਜਾਂ ਰਾਜਪਾਲਾਂ ਰਾਹੀਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।’
ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਆਪ ਨੂੰ ਖ਼ਾਸ ਤੌਰ ’ਤੇ ਇਸ ਲਈ ਨਿਸ਼ਾਨਾ ਬਣਾਇਆ ਗਿਆ ਹੈ ਕਿਉਂਕਿ ਇਹ ਇਕ ਅਜਿਹੀ ਪਾਰਟੀ ਹੈ, ਜੋ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਹ ਸਿਰਫ਼ ਦਸ ਸਾਲਾਂ ਵਿੱਚ ਕੌਮੀ ਪਾਰਟੀ ਬਣ ਗਈ ਹੈ। ਭਾਜਪਾ ਸੋਚਦੀ ਹੈ ਕਿ ਉਹ ਕਾਂਗਰਸ ਨਾਲ ਸਿੱਝ ਸਕਦੀ ਹੈ ਅਤੇ ਉਹ ਕਈ ਵਾਰ ਕਾਂਗਰਸ ਨਾਲ ਹੱਥ ਵੀ ਮਿਲਾ ਚੁੱਕੀ ਹੈ ਪਰ ਉਹ ਨਹੀਂ ਚਾਹੁੰਦੀ ਕਿ ਕੋਈ ਤੀਜੀ ਤਾਕਤ ਉੱਭਰੇ।”
ਉਨ੍ਹਾਂ ਕਿਹਾ, “ਇਸ ਪ੍ਰਕਿਰਿਆ ਤਹਿਤ ਉਨ੍ਹਾਂ ਨੇ ਦਿੱਲੀ ਵਿੱਚ ਸਾਡੇ ਆਗੂਆਂ ਵਿਰੁੱਧ ਝੂਠੇ ਈ.ਡੀ. ਕੇਸ ਦਾਇਰ ਕੀਤੇ, ਜਿਵੇਂ ਕਿ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਕੇਸ ਦਰਜ ਕਰ ਕੇ ਸਾਡੇ ਸੀਨੀਅਰ ਆਗੂਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਸ ਸਮੇਂ ਦੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ ਜੇਲ੍ਹ ਭੇਜ ਦਿੱਤਾ ਗਿਆ। ਸਾਡੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ, ਜਿਸ ਕਿਸੇ ਨੇ ਵੀ ਕੰਮ ਕਰ ਕੇ ਦਿਖਾਇਆ, ਭਾਵੇਂ ਉਹ ਵਰਕਰ ਹੋਵੇ ਜਾਂ ਨੀਤੀਘਾੜਾ, ਸਾਰਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ, ਧਮਕੀਆਂ ਦਿੱਤੀਆਂ ਗਈਆਂ, ਡਰਾਇਆ ਗਿਆ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਜਾਂ ਨਤੀਜੇ ਭੁਗਤਣ ਦਾ ਡਰ ਦਿਖਾਇਆ ਗਿਆ। ਡਰਾਵੇ ਅਤੇ ਧਮਕਾਉਣ ਦੀ ਇਹ ਰਾਜਨੀਤੀ ਜਾਰੀ ਹੈ।’
ਸਿਆਸੀ ਹਮਲਾ ਜਾਰੀ ਰੱਖਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ, “ਜੇ ਕੋਈ ਉਨ੍ਹਾਂ ਅੱਗੇ ਝੁਕਦਾ ਹੈ ਅਤੇ ਉਨ੍ਹਾਂ ਦੀਆਂ ਸ਼ਰਤਾਂ ਸਵੀਕਾਰ ਕਰਦਾ ਹੈ ਤਾਂ ਉਹ ‘ਵਾਸ਼ਿੰਗ ਮਸ਼ੀਨ’ ਵਿੱਚੋਂ ਬੇਦਾਗ ਹੋ ਕੇ ਬਾਹਰ ਆ ਜਾਂਦਾ ਹੈ। ਉਸ ਦੇ ਸਾਰੇ ਦਾਗ ਗਾਇਬ ਹੋ ਜਾਂਦੇ ਹਨ। ਕੀ ਇਹ ਲੋਕਤੰਤਰ ਹੈ? ਇਹ ਸ਼ਰ੍ਹੇਆਮ ਤਾਨਾਸ਼ਾਹੀ ਹੈ।”
ਸ਼ਾਸਨ ਦੀਆਂ ਤਰਜੀਹਾਂ ਬਾਰੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਬਦਲੇ ਦੀ ਰਾਜਨੀਤੀ ਦੀ ਬਜਾਏ ਬੇਰੋਜ਼ਗਾਰੀ ਦੂਰ ਕਰਨ, ਸਕੂਲਾਂ ਤੇ ਹਸਪਤਾਲਾਂ ਦੀ ਹਾਲਤ ਸੁਧਾਰਨ ਅਤੇ ਵਧਦੀ ਮਹਿੰਗਾਈ ਨੂੰ ਕੰਟਰੋਲ ਕਰਨ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ, “ਉਨ੍ਹਾਂ ਨੂੰ ਇਸ ਗੱਲ ’ਤੇ ਧਿਆਨ ਦੇਣਾ ਚਾਹੀਦਾ ਸੀ ਕਿ ਕਰੋੜਾਂ ਨੌਜਵਾਨਾਂ ਨੂੰ ਨੌਕਰੀਆਂ ਕਿਵੇਂ ਮਿਲਣ, ਚੰਗੇ ਸਕੂਲ ਕਿਵੇਂ ਬਣਾਏ ਜਾ ਸਕਦੇ ਹਨ, ਹਸਪਤਾਲ ਕਿਵੇਂ ਬਿਹਤਰ ਇਲਾਜ ਪ੍ਰਦਾਨ ਕਰ ਸਕਦੇ ਹਨ ਅਤੇ ਲੋਕਾਂ ਨੂੰ ਐਲ.ਪੀ.ਜੀ. ਅਤੇ ਪੈਟਰੋਲੀਅਮ ਦੀਆਂ ਕੀਮਤਾਂ ਦੇ ਬੋਝ ਤੋਂ ਕਿਵੇਂ ਮੁਕਤ ਕੀਤਾ ਜਾ ਸਕਦਾ ਹੈ। ਇਸ ਦੀ ਬਜਾਏ ਮੋਦੀ ਦਾ ਧਿਆਨ ਕਿਸੇ ਦੀ ਸੁਰੱਖਿਆ ਘਟਾਉਣ, ਕਿਸੇ ਦੀ ਸੁਰੱਖਿਆ ਵਧਾਉਣ, ਈ.ਡੀ. ਤੇ ਸੀ.ਬੀ.ਆਈ. ਨੂੰ ਇੱਧਰ-ਉੱਧਰ ਭੇਜਣ ਉੱਤੇ ਹੈ। ਕੀ ਸਰਕਾਰਾਂ ਇਸ ਤਰ੍ਹਾਂ ਚਲਾਈਆਂ ਜਾਂਦੀਆਂ ਹਨ? ਸਰਕਾਰ ਕਿਤੇ ਹੋਰ ਤੋਂ ਚਲਾਈ ਜਾ ਰਹੀ ਹੈ। ਆਦੇਸ਼ ਵਾਸ਼ਿੰਗਟਨ ਅਤੇ ਵ?ਹਾਈਟ ਹਾਊਸ ਤੋਂ ਆਉਂਦੇ ਹਨ। ਉਹ ਵਿਸ਼ਵ ਗੁਰੂ ਬਣਨਾ ਚਾਹੁੰਦੇ ਸਨ ਪਰ ਅਸੀਂ ਵਿਸ਼ਵ ਚੇਲਾ ਬਣ ਗਏ ਹਾਂ।”
ਆਪਣੀ ਆਲੋਚਨਾ ਜਾਰੀ ਰੱਖਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਆਗੂਆਂ ਨੂੰ ਵਾਰ-ਵਾਰ ਜੇਲ੍ਹ ਭੇਜਿਆ ਗਿਆ ਹੈ, ਭਾਵੇਂ ਕੋਈ ਗਲਤ ਕੰਮ ਸਾਬਤ ਨਾ ਹੋਇਆ ਹੋਵੇ। ਉਨ੍ਹਾਂ ਕਿਹਾ, “ਸਾਡੀ ਪਾਰਟੀ ਦੇ ਲਗਪਗ 90 ਫੀਸਦੀ ਆਗੂਆਂ ਨੂੰ ਜੇਲ੍ਹ ਦਾ ਮੂੰਹ ਦਿਖਾਇਆ ਗਿਆ, ਭਾਵੇਂ ਉਨ੍ਹਾਂ ਨੇ ਕੁੱਝ ਨਹੀਂ ਕੀਤਾ। ਈ.ਡੀ., ਸੀ.ਬੀ.ਆਈ. ਅਤੇ ਚੋਣ ਕਮਿਸ਼ਨ ਦੇ ਇਸ ਹਥਿਆਰ ਨਾਲ ਦੇਖੋ ਬੰਗਾਲ ਵਿੱਚ ਕੀ ਹੋ ਰਿਹਾ ਹੈ। ਹਫੜਾ-ਦਫੜੀ ਹੈ ਅਤੇ ਇਕ ਸਿਆਸੀ ਪਾਰਟੀ ਨੂੰ ਧਮਕਾਇਆ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕੌਣ ਜਿੱਤੇਗਾ? ਸਭ ਕੁੱਝ ਭਾਜਪਾ ਦੇ ਹਿਸਾਬ ਨਾਲ ਹੋ ਰਿਹਾ ਹੈ।”
ਪੰਜਾਬ ਦੇ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੇਂਦਰ ਚੁਣੀਆਂ ਹੋਈਆਂ ਸੂਬਾ ਸਰਕਾਰਾਂ ਦੇ ਰਾਹ ਡੱਕਣ ਅਤੇ ਦੇਸ਼ ਦੇ ਸੰਘੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਲਈ ਸੰਵਿਧਾਨਕ ਅਹੁਦਿਆਂ ਦੀ ਦੁਰਵਰਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ, “ਰਾਜਪਾਲਾਂ ਨੂੰ ਰਾਜਨੀਤੀ ਤੱਕ ਸੀਮਤ ਕਰ ਦਿੱਤਾ ਗਿਆ ਹੈ। ਉਹ ਸਾਲਾਂ ਤੋਂ ਬਿੱਲ ਰੋਕੀ ਬੈਠੇ ਹਨ। ਸੂਬਿਆਂ ਨੂੰ ਆਪਣੇ ਅਧਿਕਾਰਾਂ ਲਈ ਸੁਪਰੀਮ ਕੋਰਟ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸੁਪਰੀਮ ਕੋਰਟ ਵੱਲੋਂ ਇਹ ਸਪੱਸ਼ਟ ਕਰਨ ਤੋਂ ਬਾਅਦ ਵੀ ਕਿ ਰਾਜਪਾਲ ਅਤੇ ਰਾਸ਼ਟਰਪਤੀ ਅਣਮਿੱਥੇ ਸਮੇਂ ਲਈ ਬਿੱਲਾਂ ਨੂੰ ਨਹੀਂ ਰੋਕ ਸਕਦੇ, ਮਾਮਲਿਆਂ ਨੂੰ ਠੰਢੇ ਬਸਤੇ ਵਿੱਚ ਧੱਕ ਦਿੱਤਾ ਗਿਆ। ਜੱਜਾਂ ਦਾ ਤਬਾਦਲਾ ਕੀਤਾ ਜਾਂਦਾ ਹੈ, ਉਨ੍ਹਾਂ ਦੀਆਂ ਫਾਈਲਾਂ ਬਾਹਰ ਕੱਢੀਆਂ ਜਾਂਦੀਆਂ ਹਨ। ਸਵਾਲ ਇਹ ਹੈ ਕਿ ਕੀ ਉਹ ਕਿਸੇ ਨੂੰ ਬਖ਼ਸ਼ਣਗੇ ਕਿ ਨਹੀਂ। ਅਸੀਂ ਸੁਣਿਆ ਸੀ ਕਿ ਉੱਤਰੀ ਕੋਰੀਆ ਅਤੇ ਰੂਸ ਵਿੱਚ ਕੋਈ ਤਾਨਾਸ਼ਾਹ ਆਪਣੇ ਆਪ ਨੂੰ ਸਾਲਾਂ ਲਈ ਸ਼ਾਸਕ ਐਲਾਨ ਲੈਂਦਾ ਹੈ ਪਰ ਇੱਥੇ ਵੀ ਕਿਸੇ ਹੋਰ ਰੂਪ ਵਿੱਚ ਇਹੀ ਕੁੱਝ ਹੋ ਰਿਹਾ ਹੈ।”
ਚੋਣਾਂ ’ਤੇ ਚਿੰਤਾਵਾਂ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਰੋਧੀਆਂ ਦੀਆਂ ਵੋਟਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਹੇਰਾਫੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, “ਐਸ.ਆਈ.ਆਰ. ਰਾਹੀਂ ਅਸਲੀ ਵੋਟਾਂ ਕੱਟੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਹਰ ਗਲੀ ਅਤੇ ਇਲਾਕੇ ਵਿੱਚ ਪੰਨਾ ਪ੍ਰਧਾਨ ਅਤੇ ਪੰਨਾ ਪ੍ਰਮੁੱਖ ਬਣਾਏ ਹਨ। ਉਹ ਪਛਾਣ ਕਰਦੇ ਹਨ ਕਿ ਕਿਹੜੇ ਘਰ ਭਾਜਪਾ ਦਾ ਸਮਰਥਨ ਕਰਦੇ ਹਨ, ਕਿਹੜੇ ਆਮ ਆਦਮੀ ਪਾਰਟੀ ਦਾ ਸਮਰਥਨ ਕਰਦੇ ਹਨ ਅਤੇ ਕਿਹੜੇ ਕਾਂਗਰਸ ਦਾ ਸਮਰਥਨ ਕਰਦੇ ਹਨ, ਫਿਰ ਵਿਰੋਧੀਆਂ ਦੀਆਂ ਵੋਟਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਨਵੀਆਂ ਵੋਟਾਂ ਬਣਾਈਆਂ ਜਾਂਦੀਆਂ ਹਨ। ਇੱਕੋ ਵੋਟਰ ਕਈ ਰਾਜਾਂ ਵਿੱਚ ਵੋਟ ਪਾ ਰਹੇ ਹਨ। ਇੱਕ ਪਾਸੇ ਉਹ ਕਹਿੰਦੇ ਹਨ ਕਿ ਇਕ ਰਾਸ਼ਟਰ, ਇਕ ਚੋਣ ਹੋਵੇ ਪਰ ਜਦੋਂ ਦੋ ਸੂਬਿਆਂ ਵਿੱਚ ਵੋਟਾਂ ਹੁੰਦੀਆਂ ਹਨ ਤਾਂ ਇੱਕ ਹਫ਼ਤੇ ਦਾ ਫ਼ਰਕ ਹੁੰਦਾ ਹੈ। ਜੇ ਦੇਸ਼ ਵਿੱਚ ਕਾਫ਼ੀ ਸੁਰੱਖਿਆ ਬਲ ਹਨ ਤਾਂ ਫ਼ਰਕ ਕਿਉਂ ਹੈ? ਪਹਿਲਾਂ ਇੱਕ ਜਗ੍ਹਾ ’ਤੇ ਵੋਟਾਂ ਪਾਈਆਂ ਜਾਂਦੀਆਂ ਹਨ, ਫਿਰ ਲੋਕਾਂ ਨੂੰ ਵਾਹਨਾਂ ਅਤੇ ਰੇਲ ਗੱਡੀਆਂ ਵਿੱਚ ਦੂਜੀ ਜਗ੍ਹਾ ਲਿਜਾਇਆ ਜਾਂਦਾ ਹੈ। ਕੀ ਇਹ ਲੋਕਤੰਤਰ ਹੈ? ਇਹ ਨਵੀਂ ਕਿਸਮ ਦਾ ਲੋਕਤੰਤਰ ਹੈ।’
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ, ਖ਼ਾਸ ਕਰ ਕੇ ‘ਆਪ’ ਨੂੰ ਜਾਂਚ ਏਜੰਸੀਆਂ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਡਰਾਇਆ ਨਹੀਂ ਜਾਵੇਗਾ। ਉਨ੍ਹਾਂ ਕਿਹਾ, “ਅਰਵਿੰਦ ਕੇਜਰੀਵਾਲ ਸਾਡੇ ਜਨਰਲ ਹਨ। ਅਸੀਂ ਉਨ੍ਹਾਂ ਤੋਂ ਡਰਨ ਜਾਂ ਘਬਰਾਉਣ ਵਾਲੇ ਨਹੀਂ ਹਾਂ। ਉਨ੍ਹਾਂ ਨੂੰ ਈ.ਡੀ., ਸੀ.ਬੀ.ਆਈ. ਜਾਂ ਕੋਈ ਵੀ ਵਿਭਾਗ ਭੇਜਣ ਦਿਓ। ਅਸੀਂ ਹਰ ਹਿਸਾਬ ਦੇਵਾਂਗੇ। ਜਿਸ ਪਲ ਕੋਈ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਵਿਰੋਧੀ ਪਾਰਟੀ ਵਿੱਚ ਹੁੰਦਾ ਹੈ, ਉਹ ਭ੍ਰਿਸ਼ਟ ਹੋ ਜਾਂਦਾ ਹੈ। ਜਿਸ ਸਮੇਂ ਕੋਈ ਬਹੁਤ ਜ਼ਿਆਦਾ ਭ੍ਰਿਸ਼ਟ ਭਾਜਪਾ ਵਿੱਚ ਸ਼ਾਮਲ ਹੋ ਜਾਂਦਾ ਹੈ, ਉਹ ਦੁੱਧ-ਧੋਤਾ ਬਣ ਜਾਂਦਾ ਹੈ। ਭਾਜਪਾ ਦੀ ‘ਵਾਸ਼ਿੰਗ ਮਸ਼ੀਨ ਰਾਜਨੀਤੀ’ ਆਖਰਕਾਰ ਢਹਿ ਜਾਵੇਗੀ। ਇਹ ਵਾਸ਼ਿੰਗ ਮਸ਼ੀਨ ਜ਼ਿਆਦਾ ਦੇਰ ਤੱਕ ਨਹੀਂ ਚੱਲੇਗੀ। ਜੇ ਤੁਸੀਂ ਵਾਰ-ਵਾਰ ਮਸ਼ੀਨ ਵਿੱਚ ਮੈਲੇ ਕੱਪੜੇ ਪਾਉਂਦੇ ਰਹੋਗੇ ਤਾਂ ਇਕ ਦਿਨ ਇਸ ਦਾ ਫਿਲਟਰ ਵੀ ਜਾਮ ਹੋ ਜਾਵੇਗਾ।’
ਉਨ੍ਹਾਂ ਕਿਹਾ ਕਿ ਇਤਿਹਾਸ ਨੇ ਵਾਰ-ਵਾਰ ਦਿਖਾਇਆ ਹੈ ਕਿ ਹੰਕਾਰ ਪਤਨ ਵੱਲ ਲੈ ਜਾਂਦਾ ਹੈ। “ਸਿਕੰਦਰ ਜਿੱਤਦਾ ਰਿਹਾ ਅਤੇ ਭੁੱਲ ਗਿਆ ਕਿ ਵਾਪਸ ਕਿਵੇਂ ਮੁੜਨਾ ਹੈ। ਇਹ ਛਾਪੇ ਕਾਇਰਤਾਪੂਰਨ ਕਾਰਾ ਹਨ। ਪੁਰਾਣੇ ਦੋਸ਼ਾਂ ਨੂੰ ਵਾਰ-ਵਾਰ ਵਾਪਸ ਲਿਆਂਦਾ ਜਾਂਦਾ ਹੈ। ਅਸੀਂ ਇਨ੍ਹਾਂ ਛਾਪਿਆਂ ਦੀ ਸਖ਼ਤ ਨਿੰਦਾ ਕਰਦੇ ਹਾਂ। ਅਸੀਂ ਸੱਚਾਈ ਦੇ ਨਾਲ ਖੜ੍ਹੇ ਹਾਂ ਅਤੇ ਸੱਚਾਈ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ।’
ਉਨ੍ਹਾਂ ਹਮੇਸ਼ਾ ਮੋਦੀ ਦਾ ਗੁਣਗਾਣ ਕਰਦੇ ਰਹਿਣ ਲਈ ਮੀਡੀਆ ਦੇ ਇਕ ਹਿੱਸੇ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, “ਹਰ ਚੀਜ਼ ਇਕ ਮਾਸਟਰ ਸਟ੍ਰੋਕ ਬਣ ਜਾਂਦੀ ਹੈ। ਮਨਰੇਗਾ ਹਟਾਓ, ਮਾਸਟਰ ਸਟ੍ਰੋਕ। ਮਨਰੇਗਾ ਲਿਆਓ, ਮਾਸਟਰ ਸਟ੍ਰੋਕ। ਹਰ ਫੈਸਲੇ ਨੂੰ ਉਸੇ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਸਰਕਾਰ ਚਾਹੁੰਦੀ ਹੈ।”ਉਨ੍ਹਾਂ ਹੰਗਰੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਉੱਥੇ ਨਿਆਂਪਾਲਿਕਾ, ਮੀਡੀਆ ਅਤੇ ਹਰ ਸਰੋਤ ਨੂੰ ਖ਼ਰੀਦ ਲਿਆ ਗਿਆ ਸੀ, ਫਿਰ ਵੀ ਜਦੋਂ ਲੋਕ ਇਕੱਠੇ ਹੋ ਕੇ ਤੁਰ ਪਏ ਤਾਂ ਤਾਨਾਸ਼ਾਹੀ ਦੀ ਬੁਰੀ ਹਾਰ ਹੋਈ। ਜੇ ਉਹ 2027 ਦੀ ਤਿਆਰੀ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਈ.ਡੀ. ਤੇ ਸੀ.ਬੀ.ਆਈ. ਦਾ ਸਹਾਰਾ ਲੈਣ ਦੀ ਬਜਾਏ ਲੋਕਾਂ ਵਿੱਚ ਜਾ ਕੇ ਕੰਮ ਕਰਨਾ ਚਾਹੀਦਾ ਹੈ।’


