ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੀ ਸਿਆਸਤ ਨੇ ਪਿਛਲੇ ਡੇਢ ਦਹਾਕੇ ਦੌਰਾਨ ਕਈ ਰੰਗ ਬਦਲੇ ਹਨ। 2012 ਤੋਂ 2022 ਤੱਕ ਹੋਈਆਂ ਤਿੰਨ ਵਿਧਾਨ ਸਭਾ ਚੋਣਾਂ ਵਿੱਚ ਇੱਥੋਂ ਦੇ ਵੋਟਰਾਂ ਨੇ ਤਿੰਨ ਵੱਖ-ਵੱਖ ਪਾਰਟੀਆਂ ਨੂੰ ਜਿਤਾ ਕੇ ਇਹ ਸਪੱਸ਼ਟ ਕਰ ਦਿੱਤਾ ਕਿ ਹਲਕੇ ਦੀ ਸਿਆਸੀ ਹਵਾ ਕਿਸੇ ਇੱਕ ਪਾਰਟੀ ਦੇ ਹੱਕ ਵਿੱਚ ਪੱਕੇ ਤੌਰ ’ਤੇ ਨਹੀਂ ਰਹੀ।
ਸਾਲ 2012 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਨੇ 58,141 ਵੋਟਾਂ ਹਾਸਲ ਕਰਕੇ ਕਾਂਗਰਸ ਦੇ ਗੁਰਪ੍ਰੀਤ ਸਿੰਘ ਕਾਂਗੜ ਨੂੰ 5,136 ਵੋਟਾਂ ਦੇ ਫਰਕ ਨਾਲ ਹਰਾਇਆ। 2017 ਵਿੱਚ ਕਾਂਗਰਸ ਦੇ ਗੁਰਪ੍ਰੀਤ ਸਿੰਘ ਕਾਂਗੜ ਨੇ 55,269 ਵੋਟਾਂ ਲੈ ਕੇ ਮਲੂਕਾ ਨੂੰ 10,385 ਵੋਟਾਂ ਨਾਲ ਮਾਤ ਦਿੱਤੀ। 2022 ਵਿੱਚ ਮੁੜ ਸਿਆਸੀ ਤਸਵੀਰ ਬਦਲੀ ਅਤੇ ਆਮ ਆਦਮੀ ਪਾਰਟੀ ਦੇ ਬਲਕਾਰ ਸਿੰਘ ਸਿੱਧੂ ਨੇ 56,155 ਵੋਟਾਂ ਹਾਸਲ ਕਰਕੇ ਮਲੂਕਾ ਨੂੰ 10,410 ਵੋਟਾਂ ਦੇ ਫਰਕ ਨਾਲ ਹਰਾਇਆ।
ਤਿੰਨ ਚੋਣਾਂ ਦੀ ਇਸ ਕਹਾਣੀ ਵਿੱਚ ਸਭ ਤੋਂ ਦਿਲਚਸਪ ਪੱਖ ਸਿਕੰਦਰ ਸਿੰਘ ਮਲੂਕਾ ਦੀ ਲਗਾਤਾਰ ਮੌਜੂਦਗੀ ਹੈ। 2012 ਵਿੱਚ ਜਿੱਤ ਦਰਜ ਕਰਨ ਤੋਂ ਬਾਅਦ ਉਹ 2017 ਅਤੇ 2022 ਵਿੱਚ ਭਾਵੇਂ ਹਾਰੇ, ਪਰ ਦੋਵੇਂ ਵਾਰ ਦੂਜੇ ਸਥਾਨ ’ਤੇ ਰਹੇ। ਇਸ ਕਰਕੇ 2027 ਦੀ ਚੋਣ ਵਿੱਚ ਵੀ ਅਕਾਲੀ ਦਲ ਦੇ ਪੱਖ ਨੂੰ ਹਲਕੇ ਵਿੱਚ ਹਲਕਾ ਨਹੀਂ ਲਿਆ ਜਾ ਸਕਦਾ।
ਹੁਣ ਸਭ ਤੋਂ ਵੱਡਾ ਸਵਾਲ 2027 ਦਾ ਹੈ—ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਮੁੜ ਗਠਜੋੜ ਹੋ ਜਾਂਦਾ ਹੈ ਤਾਂ ਕੀ ਰਾਮਪੁਰਾ ਫੂਲ ਵਿੱਚ ਸਿਆਸੀ ਪਲੜਾ ਅਕਾਲੀ-ਭਾਜਪਾ ਗਠਜੋੜ ਵੱਲ ਝੁਕ ਜਾਵੇਗਾ? ਦੋਵਾਂ ਪਾਰਟੀਆਂ ਦੇ ਸੰਭਾਵਿਤ ਵੋਟ ਆਧਾਰ ਦੇ ਜੋੜ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾ ਹੈ। ਹਾਲਾਂਕਿ ਗਠਜੋੜ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਅੰਦਰ ਵੀ ਰਾਮਪੁਰਾ ਫੂਲ ਦੀ ਟਿਕਟ ਨੂੰ ਲੈ ਕੇ ਚਰਚਾ ਗਰਮ ਹੈ। ਮੌਜੂਦਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਨਾਲ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਦਾ ਨਾਮ ਵੀ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ‘ਆਪ’ ਮੌਜੂਦਾ ਵਿਧਾਇਕ ਬਲਕਾਰ ਸਿੰਘ ਸਿੱਧੂ ’ਤੇ ਮੁੜ ਭਰੋਸਾ ਕਰਦੀ ਹੈ ਜਾਂ ਇੰਦਰਜੀਤ ਸਿੰਘ ਮਾਨ ਨੂੰ ਮੈਦਾਨ ਵਿੱਚ ਉਤਾਰ ਕੇ ਨਵਾਂ ਦਾਅ ਖੇਡਦੀ ਹੈ?
ਉਧਰ ਕਾਂਗਰਸ ਲਈ ਵੀ ਰਾਮਪੁਰਾ ਫੂਲ ਦੀ ਸਿਆਸੀ ਤਸਵੀਰ ਇਸ ਵਾਰ ਕਾਫ਼ੀ ਦਿਲਚਸਪ ਬਣਦੀ ਨਜ਼ਰ ਆ ਰਹੀ ਹੈ। ਪਿਛਲੇ ਦਿਨੀਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਗੁਰਪ੍ਰੀਤ ਸਿੰਘ ਕਾਂਗੜ ਨੂੰ ਲੈ ਕੇ ਕੀਤੀ ਗਈ ਸਖ਼ਤ ਟਿੱਪਣੀ ਤੋਂ ਬਾਅਦ ਕਾਂਗੜ ਦੀ ਟਿਕਟ ਨੂੰ ਲੈ ਕੇ ਸਿਆਸੀ ਚਰਚਾ ਹੋਰ ਤੇਜ਼ ਹੋ ਗਈ ਹੈ। ਵੜਿੰਗ ਵੱਲੋਂ ਇਹ ਕਹੇ ਜਾਣ ਦੀ ਗੱਲ ਸਾਹਮਣੇ ਆਈ ਹੈ ਕਿ “ਜਿਸ ਦਿਨ ਤੱਕ ਮੈਂ ਕਾਂਗਰਸ ਵਿੱਚ ਰਹਾਂਗਾ, ਗੁਰਪ੍ਰੀਤ ਸਿੰਘ ਕਾਂਗੜ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ।”ਜੇਕਰ ਇਹ ਸਟੈਂਡ ਕਾਇਮ ਰਹਿੰਦਾ ਹੈ ਤਾਂ 2027 ਵਿੱਚ ਕਾਂਗਰਸ ਨੂੰ ਰਾਮਪੁਰਾ ਫੂਲ ਤੋਂ ਕਿਸੇ ਨਵੇਂ ਚਿਹਰੇ ’ਤੇ ਦਾਅ ਖੇਡਣਾ ਪੈ ਸਕਦਾ ਹੈ।
ਇਸ ਤਰ੍ਹਾਂ ਇੱਕ ਪਾਸੇ ਸੰਭਾਵਿਤ ਅਕਾਲੀ-ਭਾਜਪਾ ਗਠਜੋੜ, ਦੂਜੇ ਪਾਸੇ ‘ਆਪ’ ਵਿੱਚ ਮਾਨ ਅਤੇ ਸਿੱਧੂ ਦੇ ਨਾਮਾਂ ਨੂੰ ਲੈ ਕੇ ਚਰਚਾ ਅਤੇ ਤੀਜੇ ਪਾਸੇ ਕਾਂਗਰਸ ਵਿੱਚ ਕਾਂਗੜ ਦੀ ਟਿਕਟ ’ਤੇ ਬਣੀ ਅਸਪਸ਼ਟਤਾ—ਰਾਮਪੁਰਾ ਫੂਲ ਦੀ 2027 ਦੀ ਸਿਆਸੀ ਜੰਗ ਚੋਣਾਂ ਤੋਂ ਪਹਿਲਾਂ ਹੀ ਦਿਲਚਸਪ ਬਣਦੀ ਜਾ ਰਹੀ ਹੈ।
ਹੁਣ ਸਭ ਤੋਂ ਵੱਡਾ ਸਵਾਲ ਇਹ ਹੈ—ਗਠਜੋੜ ਬਣਦਾ ਹੈ ਜਾਂ ਨਹੀਂ? ‘ਆਪ’ ਮਾਨ ਜਾਂ ਸਿੱਧੂ ਵਿੱਚੋਂ ਕਿਸ ’ਤੇ ਭਰੋਸਾ ਕਰਦੀ ਹੈ? ਕਾਂਗਰਸ ਕਾਂਗੜ ਨੂੰ ਮੌਕਾ ਦਿੰਦੀ ਹੈ ਜਾਂ ਨਵਾਂ ਚਿਹਰਾ ਉਤਾਰਦੀ ਹੈ? ਅਤੇ ਆਖ਼ਰਕਾਰ ਰਾਮਪੁਰਾ ਫੂਲ ਦਾ ਵੋਟਰ ਕਿਸ ਦੇ ਸਿਰ ਜਿੱਤ ਦਾ ਤਾਜ ਸਜਾਉਂਦਾ ਹੈ?
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


