ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹੀ ਝੂਠ ਦੇ ਜਾਲ ਵਿਚ ਆਪ ਹੀ ਫਸ ਰਹੇ ਹਨ ਅਤੇ ਉਹਨਾਂ ਦੇ ਪੁਰਾਣੇ ਸਾਥੀ ਜਗਮਨ ਸਮਰਾ ਨੇ ਮੁੱਖ ਮੰਤਰੀ ਵਲੋਂ ਕੀਤੀ ਇਕ ਹੋਰ ਬੇਅਦਬੀ ਦੇ ਵੇਰਵੇ ਸਾਂਝੇ ਕਰਦੇ ਹੋਏ ਉਹਨਾਂ ਨੂੰ ਬੇਨਕਾਬ ਕਰ ਦਿੱਤਾ ਹੈ।
ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਜਿਸਨੇ ਗੁਰਦੁਆਰਾ ਨਾਨਕਸਰ ਕਲੇਰਾਂ ਤੋਂ ਇਲਾਵਾ ਗੁਰਦੁਆਰਾ ਗੁਪਾਲਸਰ ਸਾਹਿਬ ਵਿਖੇ ਨਤਮਸਤਕ ਹੋ ਕੇ ਮਹਾਂਪੁਰਖਾਂ ਨਾਲ ਮੁਲਾਕਾਤ ਕੀਤੀ, ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਗਮਨ ਸਮਰਾ ਤੋਂ ਇਲਾਵਾ ਮੁੱਖ ਮੰਤਰੀ ਦੀ ਪਹਿਲੀ ਪਤਨੀ ਨੇ ਵੀ ਦੱਸਿਆ ਹੈ ਕਿ ਭਗਵੰਤ ਮਾਨ ਨੇ ਕਿਵੇਂ ਸਿੱਖ ਅਰਦਾਸ ਦਾ ਮਖੌਲ ਉਡਾ ਕੇ ਇਕ ਹੋਰ ਵੱਡੀ ਬੇਅਦਬੀ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਫਿਰ ਸਿੱਖ ਸੰਗਤ ਇਸਨੂੰ ਬਰਦਾਸ਼ਤ ਨਹੀਂ ਕਰੇਗੀ।
ਵੇਰਵੇ ਸਾਂਝੈ ਕਰਦਿਆਂ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਮੁੱਖ ਮੰਤਰੀ ਹੁਣ ਆਪਣੇ ਪਹਿਲੇ ਝੂਠ ਨੂੰ ਬਚਾਉਣ ਵਾਸਤੇ ਝੂਠ ’ਤੇ ਝੂਠ ਬੋਲ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਕਿਹਾ ਸੀ ਕਿ ਜਿਸ ਵੀਡੀਓ ਵਿਚ ਉਹ ਗੁਰੂ ਸਾਹਿਬਾਨ ਦੀ ਬੇਅਦਬੀ ਕਰਦੇ ਨਜ਼ਰ ਆ ਰਹੇ ਹਨ, ਉਹ ਏਆਈ ਨਾਲ ਬਣਾਈ ਹੈ। ਜਦੋਂ ਇਹ ਦਾਅਵਾ ਗਲਤ ਸਾਬਤ ਹੋਇਆ ਤਾਂ ਭਗਵੰਤ ਮਾਨ ਨੇ ਕਿਹਾ ਕਿ ਵੀਡੀਓ ਵਿਚ ਜੋ ਵਿਅਕਤੀ ਦਿਸ ਰਿਹਾ ਹੈ, ਉਹ ਉਹ ਨਹੀਂ ਹਨ। ਉਹਨਾਂ ਕਿਹਾ ਕਿ ਹੁਣ ਉਹ ਦਾਅਵਾ ਕਰ ਰਹੇ ਹਨ ਕਿ ਵੀਡੀਓ ਵਿਚ ਉਹਨਾਂ ਦੀ ਵਰਗੀ ਸ਼ਕਲ ਵਿਖਾਉਣ ਵਾਸਤੇ ਵਿਅਕਤੀ ਨੇ ਮੁਖੌਟਾ ਪਾਇਆ ਹੋਇਆ ਹੈ। ਉਹਨਾਂ ਕਿਹਾ ਕਿ ਤਾਜ਼ਾ ਕਹਾਣੀ ਸਿਰਫ ਸਿੱਖ ਸੰਗਤ ਦੇ ਮਨਾਂ ਵਿਚ ਦੁਬਿਧਾ ਪੈਦਾ ਕਰਨ ਵਾਸਤੇ ਪੇਸ਼ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਯਤਨ ਸਫਲ ਨਹੀਂ ਹੋਣਗੇ ਕਿਉਂਕਿ ਲੋਕਾਂ ਨੇ ਮਹਿਸੂਸ ਕਰ ਲਿਆ ਹੈ ਕਿ ਮੁੱਖ ਮੰਤਰੀ ਨੇ ਨਾ ਸਿਰਫ ਬੱਜ਼ਰ ਗੁਨਾਹ ਕੀਤੇ ਹਨ ਸਗੋਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਪੈਦਾ ਕਰ ਕੇ ਮਾਮਲੇ ਨੂੰ ਹੋਰ ਉਲਝਾ ਰਹੇ ਹਨ।
ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਦੱਸਿਆ ਕਿ ਪੰਜ ਮੈਂਬਰੀ ਕਮੇਟੀ ਸੂਬੇ ਭਰ ਵਿਚ ਮਹਾਂਪੁਰਖਾਂ ਨਾਲ ਮੁਲਾਕਾਤ ਕਰ ਕੇ ਉਹਨਾਂ ਨੂੰ ਪੰਥ ਦੋਸ਼ੀ ਤੇ ਪੰਥ ਦੋਖੀ ਭਗਵੰਤ ਮਾਨ ਦੇ ਘਿਨੌਣੇ ਅਪਰਾਧ ਬਾਰੇ ਜਾਣਕਾਰੀ ਦੇ ਰਹੀ ਹੈ ਅਤੇ ਉਹਨਾਂ ਨੂੰ ਅਪੀਲ ਕਰ ਰਹੀ ਹੈ ਕਿ ਭਗਵੰਤ ਮਾਨ ਦੇ ਖਿਲਾਫ ਇਕ ਮੰਚ ’ਤੇ ਇਕਜੁੱਟ ਹੋਇਆ ਜਾਵੇ। ਉਹਨਾਂ ਕਿਹਾ ਕਿ ਕਮੇਟੀ ਨੂੰ ਸਿੱਖ ਸੰਗਤ ਕੋਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਸੰਗਤ ਮੁੱਖ ਮੰਤਰੀ ਵੱਲੋਂ ਕੀਤੇ ਗੁਨਾਹਾਂ ਨੂੰ ਲੈ ਕੇ ਹੈਰਾਨ ਹੈ।
ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਅਕਾਲੀ ਦਲ ਦੇ ਇਸ ਪ੍ਰੋਗਰਾਮ ਪਿੱਛੇ ਕੋਈ ਸਿਆਸਤ ਨਹੀਂ ਹੈ ਤੇ ਇਹ ਕੰਮ ਸਿਰਫ ਪੰਥਕ ਹਿੱਤਾਂ ਵਾਸਤੇ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਸਵਾਲ ਦੇ ਜਵਾਬ ਵਿਚ ਕਮੇਟੀ ਮੈਂਬਰ ਡਾ. ਦਲਜੀਤ ਸਿੰਘ ਚੀਮਾ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਪ੍ਰਬੰਧ ਚਲਾਉਣ ਵਾਲੇ ਸੱਤ ਦਹਾਕੇ ਪੁਰਾਣੇ ਐਕਟ ਨੂੰ ਮਹਾਰਾਸ਼ਟਰ ਸਰਕਾਰ ਵੱਲੋਂ ਰੱਦ ਅਤੇ ਉਸਦੀ ਥਾਂ ਨਵਾਂ ਐਕਟ ਲਿਆ ਕੇ ਬੋਰਡ ਵਿਚ ਸਰਕਾਰੀ ਪ੍ਰਤੀਨਿਧਾਂ ਦੀ ਗਿਣਤੀ ਵਧਾਉਣ ਦੇ ਯਤਨਾਂ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਪਹਿਲਾਂ ਵੀ ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਹਜ਼ੂਰੀ ਸੱਚਖੰਡ ਦੀਵਾਨ ਨੇ ਇਸਦਾ ਵਿਰੋਧ ਕੀਤਾ ਸੀ ਅਤੇ ਅਸੀਂ ਅੱਗੇ ਵੀ ਇਹਨਾਂ ਯਤਨਾਂ ਦਾ ਪੁਰਜ਼ੋਰ ਵਿਰੋਧ ਕਰਾਂਗੇ।
ਇਸ ਮੌਕੇ ਕਮੇਟੀ ਮੈਂਬਰਾਂ ਵਿਚ ਮਹੇਸ਼ਇੰਦਰ ਸਿੰਘ ਗਰੇਵਾਲ, ਗੁਲਜ਼ਾਰ ਸਿੰਘ ਰਣੀਕੇ ਅਤੇ ਅਮਰਜੀਤ ਸਿੰਘ ਚਾਵਲਾ ਵੀ ਮੌਜੂਦ ਸਨ।




