ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਅੱਜ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਹੋਇਆ, ਜਿਸ ’ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਹਜੂਰੀ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਅਰਦਾਸ ਭਾਈ ਪ੍ਰੇਮ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਸਰਵਨ ਕਰਵਾਇਆ ਅਤੇ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਵੀ ਪਾਈ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਬੋਧਨ ਕਰਦਿਆਂ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਕੇ ਸਪੱਸ਼ਟ ਕੀਤਾ ਕਿ ਜਦੋਂ ਸੰਸਾਰਕ ਤਖ਼ਤ ਇਨਸਾਫ਼ ਦੇਣ ਤੋਂ ਇਨਕਾਰੀ ਹੋ ਜਾਣ, ਤਾਂ ਗੁਰੂ ਦਾ ਤਖ਼ਤ ਸਦਾ ਸੱਚ, ਧਰਮ ਅਤੇ ਇਨਸਾਫ਼ ਦਾ ਕੇਂਦਰ ਬਣ ਕੇ ਮਨੁੱਖਤਾ ਦੀ ਅਗਵਾਈ ਕਰੇਗਾ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਨ੍ਹਾਂ ਵੀ ਹਾਕਮਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਚੁਣੌਤੀ ਦਿੱਤੀ, ਉਹ ਸਮੇਂ ਦੀ ਧੂੜ ਬਣ ਗਏ, ਪਰ ਗੁਰੂ ਦਾ ਇਹ ਸੱਚਾ ਤਖ਼ਤ ਸਦਾ ਅਡੋਲ ਰਿਹਾ ਹੈ ਅਤੇ ਅੱਗੇ ਵੀ ਰਹੇਗਾ। ਉਨ੍ਹਾਂ ਕਿਹਾ ਕਿ ਹਰ ਸਿੱਖ ਦਾ ਫ਼ਰਜ਼ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ, ਸਰਬਉੱਚਤਾ ਅਤੇ ਹੁਕਮਾਂ ਪ੍ਰਤੀ ਪੂਰੀ ਸ਼ਰਧਾ ਅਤੇ ਸਮਰਪਣ ਰੱਖੇ। ਅੱਜ ਜਦੋਂ ਪੰਥ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਤਾਂ ਸਾਡੀ ਤਾਕਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਇਕੱਠੇ ਹੋਣ ਵਿਚ ਹੈ। ਉਨ੍ਹਾਂ ਕਿਹਾ ਕਿ ਅੱਜ ਨਸ਼ਿਆਂ ਵਰਗੀ ਭਿਆਨਕ ਬੁਰਾਈ ਤੋਂ ਆਪਣੀ ਨੌਜਵਾਨੀ ਨੂੰ ਬਚਾਉਣ ਲਈ ਹਰ ਸਿੱਖ ਨੂੰ ਅੱਗੇ ਆਉਣਾ ਹੋਵੇਗਾ। ਜਦੋਂ ਨੌਜਵਾਨਾਂ ਨੂੰ ਗੁਰੂ ਨਾਲ, ਨਾਮ ਨਾਲ, ਸੇਵਾ ਨਾਲ ਅਤੇ ਪੰਥਕ ਸੋਚ ਨਾਲ ਜੋੜਿਆ ਜਾਵੇਗਾ, ਤਾਂ ਉਹ ਹਰ ਤਰ੍ਹਾਂ ਦੇ ਸੰਸਾਰਕ ਨਸ਼ਿਆਂ ਤੋਂ ਦੂਰ ਰਹਿਣਗੇ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਹਾੜੇ ਮੌਕੇ ਅਸੀਂ ਸਾਰੇ ਇਹ ਪ੍ਰਣ ਕਰੀਏ ਕਿ ਗੁਰੂ ਦੇ ਇਸ ਸੱਚੇ ਤਖ਼ਤ ਦੀ ਸਰਬਉੱਚਤਾ ਨੂੰ ਕਾਇਮ ਰੱਖਦਿਆਂ ਆਪਸੀ ਏਕਤਾ, ਗੁਰਮਤਿ ਅਤੇ ਪੰਥਕ ਅਨੁਸ਼ਾਸਨ ਨਾਲ ਜੁੜ ਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਰਹਾਂਗੇ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਮੀਤ ਸਿੰਘ ਬੂਹ, ਭਾਈ ਅਜੈਬ ਸਿੰਘ ਅਭਿਆਸੀ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਿੰਦਰ ਸਿੰਘ ਮਥਰੇਵਾਲ, ਵਧੀਕ ਸਕੱਤਰ, ਸ. ਜਸਵਿੰਦਰ ਸਿੰਘ ਜੱਸੀ, ਸ. ਭਗਵੰਤ ਸਿੰਘ ਧੰਗੇੜਾ, ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਗੁਰਨਾਮ ਸਿੰਘ, ਸ. ਮਨਜੀਤ ਸਿੰਘ ਤਲਵੰਡੀ, ਸ. ਸੁਖਬੀਰ ਸਿੰਘ, ਸ. ਅਜ਼ਾਦ ਦੀਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੇਜਰ ਸਿੰਘ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ ਤੇ ਸ. ਮਲਕੀਤ ਸਿੰਘ ਬਹਿੜਵਾਲ, ਮੈਨੇਜਰ ਸ. ਨਰਿੰਦਰ ਸਿੰਘ, ਵਧੀਕ ਮੈਨੇਜਰ ਸ. ਇਕਬਾਲ ਸਿੰਘ ਮੁਖੀ, ਸ. ਬਿਕਰਮਜੀਤ ਸਿੰਘ ਝੰਗੀ, ਸ. ਗੁਰਿੰਦਰ ਸਿੰਘ ਦੇਵੀਦਾਸਪੁਰਾ, ਸ. ਯੁਵਰਾਜ ਸਿੰਘ ਅਤੇ ਸੰਗਤਾਂ ਮੌਜੂਦ ਸਨ।
Breaking News
- ਸੀਐਮ ਭਗਵੰਤ ਮਾਨ ਨੇ ਇੱਕ ਸਮਾਗਮ ਦੌਰਾਨ ਸੂਬੇ ਦੇ 2,800 ਡਿਪੂ ਹੋਲਡਰਾਂ ਨੂੰ ਨਵੇਂ ਲਾਇਸੈਂਸ ਸੌਂਪੇ
- ਯੂਪੀ ਤੋਂ ਵਾਪਿਸ ਪਰਤ ਰਹੇ ਸ੍ਰੀ ਮਾਛੀਵਾੜਾ ਸਾਹਿਬ ਦੇ ਪਰਿਵਾਰ ਨਾਲ ਵਾਪਰੇ ਭਿਆਨਕ ਸੜਕ ਹਾਦਸੇ ’ਚ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਮੌਤ
- ਕਿਸਾਨ ਮਜ਼ਦੂਰ ਮੋਰਚਾ ਦੀ ਲੁਧਿਆਣਾ ਵਿੱਚ ਅਹਿਮ ਮੀਟਿੰਗ ਫ੍ਰੀ ਟ੍ਰੇਡ ਸਮਝੌਤਿਆਂ ਖ਼ਿਲਾਫ਼ 17 ਜੁਲਾਈ ਨੂੰ ਪੀਐਮ ਦੇ ਪੰਜਾਬ ਦੌਰੇ ਮੌਕੇ ਕੇਂਦਰ ਸਰਕਾਰ ਦੇ ਜ਼ਿਲ੍ਹਾ ਪੱਧਰ ’ਤੇ ਫੂਕੇ ਜਾਣਗੇ ਪੁਤਲੇ
- ਜਲਾਲਾਬਾਦ ਵਿੱਚ ਸਰਹੱਦੀ ਖੇਤ ’ਚੋਂ ਮਿਲੀ ਬੰਬ ਵਰਗੀ ਸ਼ੱਕੀ ਵਸਤੂ ਵਾਹੀ ਕਰਦੇ ਸਮੇਂ ਮਿਲੀ ਵਸਤੂ, ਬੰਬ ਸਕੁਐਡ ਪਹੁੰਚਿਆ
- ਪੀਆਰਟੀਸੀ ਕੰਟਰੈਕਟ ਵਰਕਰਾਂ ਦੀ ਹੜਤਾਲ ਕਾਰਨ ਪੰਜਾਬ ਭਰ ’ਚ ਬੱਸਾਂ ਦਾ ਚੱਕਾ ਜਾਮ- ਬੱਸ ਸੇਵਾ ਬੁਰੀ ਤਰਾਂ ਪ੍ਰਭਾਵਿਤ
- ਬੇਅਦਬੀ ਮਾਮਲੇ ’ਚ ਐਸਆਈਟੀ ਨੇ ਸੁਖਬੀਰ ਬਾਦਲ ਨੂੰ ਸੰਮਨ ਭੇਜਿਆ ਸੋਮਵਾਰ ਨੂੰ ਹੋਵੇਗੀ ਪੁੱਛਗਿੱਛ
- ਮਨਰੇਗਾ ਕਰਮਚਾਰੀਆਂ ’ਤੇ ਪੁਲਿਸ ਜਬਰ ਖ਼ਿਲਾਫ਼ ਬਲਾਚੌਰ ’ਚ ਉੱਠੀ ਆਵਾਜ਼
- ਗਮਾਡਾ ਨੇ ਸੈਕਟਰ 90 ਵਿੱਚ ਹਜ਼ਾਰਾਂ ਪਰਿਵਾਰਾਂ ਦੇ ਆਪਣੇ ਘਰ ਦੇ ਸੁਪਨੇ ਕੀਤੇ ਚਕਨਾਚੂਰ, ਪੰਜਾਬ ਸਰਕਾਰ ਤੁਰੰਤ ਦੇਵੇ ਇਨਸਾਫ਼ : ਕੁਲਜੀਤ ਸਿੰਘ ਬੇਦੀ


