ਦੁਨੀਆ ਦੀਆਂ ਸਭ ਤੋਂ ਵੱਡੀਆਂ ਤਕਨਾਲੋਜੀ ਕੰਪਨੀਆਂ ਵਿੱਚੋਂ ਇੱਕ ਮਾਈਕ੍ਰੋਸਾਫਟ ਦੀਆਂ ਸੇਵਾਵਾਂ ਵਿੱਚ ਆਈ ਵੱਡੀ ਤਕਨੀਕੀ ਖਰਾਬੀ ਨੇ ਦੁਨੀਆ ਭਰ ਵਿੱਚ ਹਜ਼ਾਰਾਂ ਯੂਜ਼ਰਾਂ ਅਤੇ ਕਾਰੋਬਾਰੀ ਅਦਾਰਿਆਂ ਦਾ ਕੰਮਕਾਜ ਪ੍ਰਭਾਵਿਤ ਕਰ ਦਿੱਤਾ ਹੈ। ਸ਼ੁੱਕਰਵਾਰ, 13 ਨਵੰਬਰ 2026 ਨੂੰ ਭਾਰਤ ਸਮੇਤ ਕਈ ਦੇਸ਼ਾਂ ਦੇ ਯੂਜ਼ਰਾਂ ਨੂੰ ਉਸ ਸਮੇਂ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਆਪਣੇ ਆਊਟਲੁਕ ਈਮੇਲ ਅਕਾਊਂਟ ਅਤੇ ਹੋਰ ਮਾਈਕ੍ਰੋਸਾਫਟ ਸੇਵਾਵਾਂ ਤੱਕ ਪਹੁੰਚ ਨਹੀਂ ਕਰ ਸਕੇ। ਇਹ ਸਮੱਸਿਆ ਵੀਰਵਾਰ, 12 ਨਵੰਬਰ ਤੋਂ ਸ਼ੁਰੂ ਹੋਈ ਅਤੇ ਕਈ ਘੰਟਿਆਂ ਤੱਕ ਜਾਰੀ ਰਹੀ। ਦੱਸਿਆ ਗਿਆ ਕਿ ਇਸ ਆਊਟੇਜ ਦਾ ਅਸਰ 74 ਦੇਸ਼ਾਂ ਵਿੱਚ ਦੇਖਣ ਨੂੰ ਮਿਲਿਆ। ਪਰ ਆਖ਼ਰ ਅਜਿਹਾ ਕੀ ਹੋਇਆ ਕਿ ਦੁਨੀਆ ਦੀ ਇੰਨੀ ਵੱਡੀ ਤਕਨਾਲੋਜੀ ਕੰਪਨੀ ਦੀਆਂ ਸੇਵਾਵਾਂ ਅਚਾਨਕ ਠੱਪ ਹੋ ਗਈਆਂ? ਇਸ ਨੂੰ ਠੀਕ ਕਰਨ ਵਿੱਚ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ? ਕੀ ਇਹ ਕਿਸੇ ਸਾਈਬਰ ਹਮਲੇ ਦਾ ਨਤੀਜਾ ਹੈ? ਆਓ ਸਮਝਦੇ ਹਾਂ ਪੂਰਾ ਮਾਮਲਾ।
ਮਾਈਕ੍ਰੋਸਾਫਟ ਦੀਆਂ ਕਈ ਡਿਜੀਟਲ ਸੇਵਾਵਾਂ ਦੁਨੀਆ ਭਰ ਵਿੱਚ ਰੋਜ਼ਾਨਾ ਕਰੋੜਾਂ ਲੋਕਾਂ ਵੱਲੋਂ ਵਰਤੀਆਂ ਜਾਂਦੀਆਂ ਹਨ।
ਆਊਟਲੁਕ ਰਾਹੀਂ ਲੋਕ ਈਮੇਲ ਭੇਜਦੇ ਅਤੇ ਪ੍ਰਾਪਤ ਕਰਦੇ ਹਨ,ਮਾਇਕਰੋਸਾਫ਼ਟ ਟਿਮਸ ਦੀ ਮਦਦ ਨਾਲ ਆਨਲਾਈਨ ਮੀਟਿੰਗਾਂ ਅਤੇ ਦਫ਼ਤਰੀ ਗੱਲਬਾਤ ਕਰਦੇ ਹਨ। ਇਸੇ ਤਰ੍ਹਾਂ ਵਨ ਡਰਾਇਵ ਅਤੇ ਸ਼ੇਅਰ ਪੁਆਇੰਟਦੀ ਵਰਤੋਂ ਫਾਈਲਾਂ ਸੰਭਾਲਣ ਅਤੇ ਸਾਂਝੀਆਂ ਕਰਨ ਲਈ ਕੀਤੀ ਜਾਂਦੀ ਹੈ।
ਪਰ ਇਸ ਵਾਰ ਇਨ੍ਹਾਂ ਸੇਵਾਵਾਂ ਵਿੱਚ ਅਚਾਨਕ ਤਕਨੀਕੀ ਸਮੱਸਿਆ ਆ ਗਈ।
ਕਈ ਯੂਜ਼ਰ ਆਪਣੇ ਈਮੇਲ ਇਨਬਾਕਸ ਨਹੀਂ ਖੋਲ੍ਹ ਸਕੇ, ਜਦਕਿ ਕੁਝ ਲੋਕਾਂ ਨੂੰ ਈਮੇਲ ਭੇਜਣ ਅਤੇ ਪ੍ਰਾਪਤ ਕਰਨ ਵਿੱਚ ਮੁਸ਼ਕਲ ਆਈ। ਇਸ ਤੋਂ ਇਲਾਵਾ ਕਈ ਯੂਜ਼ਰਾਂ ਨੂੰ ਦਫ਼ਤਰੀ ਐਪਲੀਕੇਸ਼ਨਾਂ ਅਤੇ ਕਲਾਊਡ ’ਤੇ ਸਟੋਰ ਕੀਤੇ ਡਾਟਾ ਤੱਕ ਪਹੁੰਚ ਕਰਨ ਵਿੱਚ ਵੀ ਦਿੱਕਤ ਆਈ।
ਇਸ ਸਮੱਸਿਆ ਦਾ ਅਸਰ ਸਿਰਫ਼ ਆਮ ਯੂਜ਼ਰਾਂ ਤੱਕ ਸੀਮਤ ਨਹੀਂ ਰਿਹਾ, ਸਗੋਂ ਕਈ ਕਾਰੋਬਾਰੀ ਅਦਾਰੇ, ਸਰਕਾਰੀ ਵਿਭਾਗ, ਵਿਦਿਅਕ ਸੰਸਥਾਵਾਂ ਅਤੇ ਹੋਰ ਸੰਗਠਨ ਵੀ ਪ੍ਰਭਾਵਿਤ ਹੋਏ।
ਮਾਈਕ੍ਰੋਸਾਫਟ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਇਸ ਆਊਟੇਜ ਦਾ ਸਬੰਧ ਕੰਪਨੀ ਦੇ ਸਰਵਰ ਇਨਫਰਾਸਟਰੱਕਚਰ ਵਿੱਚ ਆਈ ਸਮੱਸਿਆ ਨਾਲ ਸੀ। ਇਸ ਕਾਰਨ ਵੱਡੀ ਗਿਣਤੀ ਵਿੱਚ ਸਰਵਰ ਅਚਾਨਕ ਕੰਮ ਕਰਨਾ ਬੰਦ ਕਰ ਗਏ।
ਕੰਪਨੀ ਮੁਤਾਬਕ, ਪ੍ਰਭਾਵਿਤ ਸਰਵਰ ਸਿਸਟਮ ਦੇ ਆਮ ਜਾਂਚ ਪ੍ਰਕਿਰਿਆਵਾਂ ਵਿੱਚ ਖਰੇ ਨਹੀਂ ਉਤਰ ਰਹੇ ਸਨ। ਇਹ ਜਾਂਚਾਂ ਇਸ ਗੱਲ ਦਾ ਪਤਾ ਲਗਾਉਣ ਲਈ ਹੁੰਦੀਆਂ ਹਨ ਕਿ ਸਰਵਰ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ ਜਾਂ ਨਹੀਂ।
ਫਿਲਹਾਲ ਮਾਈਕ੍ਰੋਸਾਫਟ ਦੀ ਜਾਂਚ ਜਾਰੀ ਸੀ ਅਤੇ ਕੰਪਨੀ ਵੱਲੋਂ ਸਮੱਸਿਆ ਦਾ ਅੰਤਿਮ ਕਾਰਨ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਕੀਤਾ ਗਿਆ ਸੀ।
ਜਦੋਂ ਵੀ ਕਿਸੇ ਵੱਡੀ ਤਕਨਾਲੋਜੀ ਕੰਪਨੀ ਦੀਆਂ ਸੇਵਾਵਾਂ ਅਚਾਨਕ ਬੰਦ ਹੁੰਦੀਆਂ ਹਨ ਤਾਂ ਸਭ ਤੋਂ ਪਹਿਲਾਂ ਸਾਈਬਰ ਹਮਲੇ ਜਾਂ ਹੈਕਿੰਗ ਦੀ ਸੰਭਾਵਨਾ ਬਾਰੇ ਸਵਾਲ ਉੱਠਦੇ ਹਨ।ਇਸ ਵਾਰ ਵੀ ਕਈ ਯੂਜ਼ਰਾਂ ਨੇ ਅੰਦਾਜ਼ਾ ਲਗਾਇਆ ਕਿ ਕਿਤੇ ਮਾਈਕ੍ਰੋਸਾਫਟ ਨੂੰ ਹੈਕ ਤਾਂ ਨਹੀਂ ਕਰ ਲਿਆ ਗਿਆ ਜਾਂ ਕਿਸੇ ਸਾਈਬਰ ਹਮਲੇ ਕਾਰਨ ਇਹ ਸਮੱਸਿਆ ਤਾਂ ਨਹੀਂ ਆਈ। ਪਰ ਮਾਈਕ੍ਰੋਸਾਫਟ ਨੇ ਸਪੱਸ਼ਟ ਕੀਤਾ ਕਿ ਇਸ ਆਊਟੇਜ ਪਿੱਛੇ ਕਿਸੇ ਸਾਈਬਰ ਸੁਰੱਖਿਆ ਘਟਨਾ ਦੇ ਸੰਕੇਤ ਨਹੀਂ ਮਿਲੇ ਹਨ।
ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ, ਇਹ ਸਮੱਸਿਆ ਸਰਵਰਾਂ ਦੀ ਉਪਲਬਧਤਾ, ਨੈੱਟਵਰਕ ਕੌਂਫਿਗਰੇਸ਼ਨ ਅਤੇ ਇਨਫਰਾਸਟਰੱਕਚਰ ’ਤੇ ਵਧੇ ਦਬਾਅ ਨਾਲ ਜੁੜੀ ਹੋਈ ਸੀ। ਇਸ ਦਾ ਮਤਲਬ ਇਹ ਨਹੀਂ ਕਿ ਕੰਪਨੀਆਂ ਨੂੰ ਕਲਾਊਡ ਸੇਵਾਵਾਂ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ, ਸਗੋਂ ਉਨ੍ਹਾਂ ਨੂੰ ਅਜਿਹੀਆਂ ਅਚਾਨਕ ਸਥਿਤੀਆਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਤਿਆਰ ਰਹਿਣਾ ਚਾਹੀਦਾ ਹੈ।
ਅੱਜ ਜਦੋਂ ਸਰਕਾਰਾਂ, ਕਾਰੋਬਾਰੀ ਅਦਾਰੇ ਅਤੇ ਆਮ ਲੋਕ ਆਪਣਾ ਵੱਧ ਤੋਂ ਵੱਧ ਕੰਮ ਆਨਲਾਈਨ ਪਲੇਟਫਾਰਮਾਂ ਰਾਹੀਂ ਕਰ ਰਹੇ ਹਨ ਤਾਂ ਡਿਜੀਟਲ ਸੇਵਾਵਾਂ ਦਾ ਬਿਨਾਂ ਰੁਕਾਵਟ ਚੱਲਣਾ ਬੇਹੱਦ ਜ਼ਰੂਰੀ ਹੋ ਗਿਆ ਹੈ।
ਇਸ ਘਟਨਾ ਨੇ ਸਰਵਰਾਂ ਦੀ ਸੰਭਾਲ, ਸਿਸਟਮ ਅਪਡੇਟਸ, ਬੈਕਅੱਪ ਪ੍ਰਬੰਧਾਂ ਅਤੇ ਇੱਕ ਹੀ ਤਕਨਾਲੋਜੀ ਕੰਪਨੀ ’ਤੇ ਵਧਦੀ ਨਿਰਭਰਤਾ ਬਾਰੇ ਕਈ ਅਹਿਮ ਸਵਾਲ ਖੜ੍ਹੇ ਕੀਤੇ ਹਨ।
ਸਿੱਧੀ ਜਿਹੀ ਗੱਲ ਹੈ ਕਿ ਤਕਨਾਲੋਜੀ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਂਦੀ ਹੈ, ਪਰ ਜਦੋਂ ਇਸ ਤਕਨਾਲੋਜੀ ਨੂੰ ਚਲਾਉਣ ਵਾਲੇ ਸਿਸਟਮ ਹੀ ਕੰਮ ਕਰਨਾ ਬੰਦ ਕਰ ਦੇਣ ਤਾਂ ਇਸ ਦਾ ਅਸਰ ਪੂਰੀ ਦੁਨੀਆ ਵਿੱਚ ਦੇਖਣ ਨੂੰ ਮਿਲ ਸਕਦਾ ਹੈ।
Breaking News
- ‘ਸ਼ੀਸ਼ ਮਹਿਲ’ ਨੂੰ ਲੈ ਕੇ ਸੀਐਮ ਰੇਖਾ ਗੁਪਤਾ ਦਾ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ, ਕਿਹਾ- ਦਿੱਲੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗਣੀ ਚਾਹੀਦੀ ਹੈ ਸੱਚਾਈ
- ‘ਇੱਕੋ ਭਾਈਚਾਰੇ ਨੂੰ ਖੁਸ਼ ਕਰਨ ਲਈ ਹੋ ਰਹੀਆਂ ਜੱਜਾਂ ਦੀਆਂ ਸਿਫ਼ਾਰਸ਼ਾਂ’, ਸਾਬਕਾ CJI ਬੀਆਰ ਗਵਈ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ
- ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਲੜੀਵਾਰ ਮੀਟਿੰਗਾਂ, ਜਾਇਜ਼ ਮੰਗਾਂ ਜਲਦ ਪੂਰੀਆਂ ਕਰਨ ਦਾ ਦਿੱਤਾ ਭਰੋਸਾ
- ਜਲੰਧਰ ਦਿਹਾਤੀ ‘ਚ ਹਰਕਮਲਪ੍ਰੀਤ ਸਿੰਘ ਖੱਖ ਨੇ ਸੰਭਾਲਿਆ SSP ਦਾ ਚਾਰਜ, ਦਿੱਤਾ ਗਿਆ ਗਾਰਡ ਆਫ਼ ਆਨਰ
- ਪਿਛਲੇ 5 ਸਾਲਾਂ ’ਚ ਭਾਜਪਾ ਨੇ ਮੇਰੇ ਤੋਂ ਕੋਈ ਸਿਆਸੀ ਸਲਾਹ ਨਹੀਂ ਲਈ : ਕੈਪਟਨ ਅਮਰਿੰਦਰ
- ਮਹਿਲਾ ਰਾਖਵਾਂਕਰਨ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਫਿਰ ਤੋਂ ਲੋਕ ਸਭਾ ਵਿਚ ਲਿਆਂਦਾ ਜਾਵੇਗਾ ਬਿੱਲ
- ਪੰਚਕੂਲਾ ‘ਚ CM ਨਾਇਬ ਸੈਣੀ ਦਾ ਵੱਡਾ ਤੋਹਫ਼ਾ; ਆਸ਼ਰਮ ਨੂੰ ਦਿੱਤੇ 21 ਲੱਖ ਰੁਪਏ
- ਪਾਕਿਸਤਾਨ ਤਿੰਨ-ਪੱਖੀ ਰੱਖਿਆ ਸਮਝੌਤੇ ਤਹਿਤ ਸਾਊਦੀ ਅਰਬ ਅਤੇ ਤੁਰਕੀ ਨਾਲ ਗੱਲਬਾਤ ਦੀ ਕਰੇਗਾ ਮੇਜ਼ਬਾਨੀ


