ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਰਜਕੁੰਡ ਦੀਵਾਲੀ ਮੇਲਾ ਆਤਮਨਿਰਭਰ ਭਾਰਤ ਅਤੇ ਸਵਦੇਸ਼ੀ ਦੇ ਸੰਕਲਪ ਨੂੰ ਸਾਕਾਰ ਕਰਨ ਵਾਲੇ ਮਿਹਨਤੀ ਕਾਰੀਗਰਾਂ, ਸ਼ਿਲਪਕਾਰਾਂ ਅਤੇ ਕਲਾਕਾਰਾਂ ਨੂੰ ਨਵਾਂ ਬਾਜ਼ਾਰ ਮੁਹੱਈਆ ਕਰਵਾਉਣ ਦੀ ਇੱਕ ਸਾਰਥਕ ਪਹਿਲ ਹੈ। ਇਸ ਮੇਲੇ ਦਾ ਉਦੇਸ਼ ਸਥਾਨਕ ਉਤਪਾਦਾਂ ਨੂੰ ਬਿਨਾਂ ਕਿਸੇ ਵਿਚੋਲੇ ਦੇ ਸਿੱਧਾ ਗਾਹਕਾਂ ਤੱਕ ਪਹੁੰਚਾਉਣਾ ਅਤੇ ਕਾਰੀਗਰਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਉਚਿਤ ਲਾਭ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਥਾਨਕ ਉਤਪਾਦਾਂ ’ਤੇ ਲੋਕਾਂ ਦਾ ਭਰੋਸਾ ਵਧੇਗਾ, ਤਾਂ ਕਾਰੀਗਰਾਂ ਨੂੰ ਨਵੇਂ ਗਾਹਕ ਮਿਲਣਗੇ ਅਤੇ ਉਨ੍ਹਾਂ ਨੂੰ ਆਪਣੇ ਕੰਮ ਨੂੰ ਅੱਗੇ ਵਧਾਉਣ ਲਈ ਉਤਸ਼ਾਹ ਵੀ ਮਿਲੇਗਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ੁੱਕਰਵਾਰ ਨੂੰ ਫਰੀਦਾਬਾਦ ਸਥਿਤ ਸੂਰਜਕੁੰਡ ਵਿੱਚ ਦੀਵਾਲੀ ਮੇਲੇ ਦੇ ਉਦਘਾਟਨ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸੈਰ-ਸਪਾਟਾ ਅਤੇ ਵਿਰਾਸਤ ਮੰਤਰੀ ਡਾ. ਅਰਵਿੰਦ ਸ਼ਰਮਾ ਸਮੇਤ ਕਈ ਪਤਵੰਤੇ ਮੌਜੂਦ ਸਨ। ਸਮਾਗਮ ਦੌਰਾਨ ਕਲਾਕਾਰਾਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ।
ਮੁੱਖ ਮੰਤਰੀ ਨੇ ਮੇਲੇ ਵਿੱਚ ਆਉਣ ਵਾਲੇ ਸਾਰੇ ਸੈਲਾਨੀਆਂ ਅਤੇ ਦਰਸ਼ਕਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਕਰਵਾ ਚੌਥ, ਅਹੋਈ ਅਸ਼ਟਮੀ, ਧਨਤੇਰਸ, ਦੀਵਾਲੀ, ਵਿਸ਼ਵਕਰਮਾ ਪੂਜਨ, ਗੋਵਰਧਨ ਪੂਜਨ, ਭਾਈ ਦੂਜ ਅਤੇ ਛੱਠ ਪੂਜਾ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਾਲ 2047 ਤੱਕ ਵਿਕਸਿਤ ਭਾਰਤ ਬਣਾਉਣ ਦਾ ਟੀਚਾ ਰੱਖਿਆ ਹੈ।
ਉਨ੍ਹਾਂ ਕਿਹਾ ਕਿ ਦੀਵਾਲੀ ਦੀ ਸਭ ਤੋਂ ਸੁੰਦਰ ਰੌਸ਼ਨੀ ਉਹ ਹੈ, ਜੋ ਸਾਡੇ ਆਪਣੇ ਘਰ ਦੇ ਨਾਲ-ਨਾਲ ਕਿਸੇ ਮਿਹਨਤਕਸ਼ ਪਰਿਵਾਰ ਦੇ ਘਰ ਨੂੰ ਵੀ ਰੌਸ਼ਨ ਕਰੇ। ਤਿਉਹਾਰਾਂ ਦੌਰਾਨ ਸਥਾਨਕ ਕਾਰੀਗਰਾਂ ਵੱਲੋਂ ਤਿਆਰ ਕੀਤੇ ਉਤਪਾਦ ਖਰੀਦਣ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਨੂੰ ਸਹਾਰਾ ਮਿਲਦਾ ਹੈ।
ਇਸ ਤੋਂ ਇਲਾਵਾ, ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਤਹਿਤ ‘ਸਵਾਪਨ ਡਿਜੀਟਲ ਗ੍ਰਾਮ ਬਾਜ਼ਾਰ ਪੋਰਟਲ’ ਅਤੇ ‘ਸਾਂਝਾ ਬਾਜ਼ਾਰ ਸੇਲਜ਼ ਪੋਰਟਲ’ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਪੋਰਟਲਾਂ ’ਤੇ ਰਜਿਸਟ?ਰੇਸ਼ਨ ਕਰਵਾ ਕੇ ਕਾਰੀਗਰ ਅਤੇ ਸਵੈ-ਸਹਾਇਤਾ ਸਮੂਹ ਆਪਣੇ ਉਤਪਾਦ ਆਨਲਾਈਨ ਵੇਚ ਸਕਦੇ ਹਨ। ਆਨਲਾਈਨ ਬਾਜ਼ਾਰ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਸਿਖਲਾਈ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਵੈ-ਸਹਾਇਤਾ ਸਮੂਹ ਮਹਿਲਾਵਾਂ ਦੇ ਸਸ਼ਕਤੀਕਰਨ ਦਾ ਇੱਕ ਮਜ਼ਬੂਤ ਮਾਧਿਅਮ ਬਣ ਕੇ ਉੱਭਰੇ ਹਨ। ਇਨ੍ਹਾਂ ਸਮੂਹਾਂ ਦੇ ਉਤਪਾਦ ਸੂਬੇ ਭਰ ਵਿੱਚ ਆਪਣੀ ਪਛਾਣ ਬਣਾ ਰਹੇ ਹਨ।
ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਤਹਿਤ ਹੁਣ ਤੱਕ 67,641 ਸਵੈ-ਸਹਾਇਤਾ ਸਮੂਹਾਂ ਨਾਲ 6 ਲੱਖ ਤੋਂ ਵੱਧ ਪਰਿਵਾਰਾਂ ਨੂੰ ਜੋੜਿਆ ਜਾ ਚੁੱਕਾ ਹੈ। ਇਨ੍ਹਾਂ ਸਮੂਹਾਂ ਨੂੰ ਰਿਵਾਲਵਿੰਗ ਫੰਡ ਅਤੇ ਕਮਿਊਨਿਟੀ ਇਨਵੈਸਟਮੈਂਟ ਫੰਡ ਰਾਹੀਂ ਆਸਾਨ ਕਰਜ਼ੇ ਦੇ ਰੂਪ ਵਿੱਚ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਹੁਣ ਤੱਕ ਵੱਖ-ਵੱਖ ਤਰੀਕਿਆਂ ਨਾਲ 596 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ। ਕਮਿਊਨਿਟੀ ਇਨਵੈਸਟਮੈਂਟ ਫੰਡ ਦੀ ਰਕਮ 50 ਹਜ਼ਾਰ ਰੁਪਏ ਤੋਂ ਵਧਾ ਕੇ 1 ਲੱਖ 50 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਰਜਕੁੰਡ ਸ਼ਿਲਪ ਮੇਲਾ, ਕੁਰੂਕਸ਼ੇਤਰ ਦਾ ਅੰਤਰਰਾਸ਼ਟਰੀ ਗੀਤਾ ਮਹੋਤਸਵ ਅਤੇ ਪਿੰਜੌਰ ਦਾ ਅੰਬ ਉਤਸਵ ਵਰਗੇ ਸਮਾਗਮ ਹਰਿਆਣਾ ਦੀ ਧਰਤੀ ਨੂੰ ਦੇਸ਼-ਵਿਦੇਸ਼ ਦੇ ਲੋਕਾਂ ਨਾਲ ਜੋੜਦੇ ਹਨ। ਅਜਿਹੇ ਸਮਾਗਮ ਸਥਾਨਕ ਉਤਪਾਦਕਾਂ ਨੂੰ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਉਣ ਅਤੇ ਨਵੇਂ ਗਾਹਕਾਂ ਤੱਕ ਪਹੁੰਚਣ ਦਾ ਮੌਕਾ ਦਿੰਦੇ ਹਨ।
ਉਨ੍ਹਾਂ ਮੇਲੇ ਵਿੱਚ ਹਿੱਸਾ ਲੈਣ ਵਾਲੇ ਕਾਰੀਗਰਾਂ ਅਤੇ ਸੈਲਾਨੀਆਂ ਨੂੰ ਸਫ਼ਾਈ ਅਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਮੇਲੇ ਅਤੇ ਇਸ ਦੇ ਆਲੇ-ਦੁਆਲੇ ਸਫ਼ਾਈ ਰੱਖੀ ਜਾਵੇ, ਖਰੀਦਦਾਰੀ ਲਈ ਕੱਪੜੇ ਦਾ ਥੈਲਾ ਲਿਆਂਦਾ ਜਾਵੇ ਅਤੇ ਭੋਜਨ ਤੇ ਪਾਣੀ ਦੀ ਬਰਬਾਦੀ ਤੋਂ ਬਚਿਆ ਜਾਵੇ। ਮਿੱਟੀ ਦੇ ਦੀਵੇ ਅਤੇ ਟਿਕਾਊ ਸਜਾਵਟੀ ਵਸਤਾਂ ਅਪਣਾ ਕੇ ਤਿਉਹਾਰਾਂ ਨੂੰ ਵਾਤਾਵਰਣ ਪੱਖੀ ਬਣਾਉਣ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ।
ਇਸ ਮੌਕੇ ਫਰੀਦਾਬਾਦ ਦੀ ਮੇਅਰ ਸ੍ਰੀਮਤੀ ਪ੍ਰਵੀਨ ਬੱਤਰਾ ਜੋਸ਼ੀ, ਸਾਬਕਾ ਮੰਤਰੀ ਸ੍ਰੀਮਤੀ ਸੀਮਾ ਤ੍ਰਿਖਾ, ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਦੀ ਪਤਨੀ ਸ੍ਰੀਮਤੀ ਰੀਟਾ ਸ਼ਰਮਾ, ਸੈਰ-ਸਪਾਟਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਪ੍ਰਬੰਧ ਨਿਰਦੇਸ਼ਕ ਸ੍ਰੀ ਪਾਰਥ ਗੁਪਤਾ, ਪੰਕਜ ਪੂਜਨ ਰਾਮਪਾਲ, ਵਿਪਿਨ ਬੈਂਸਲਾ, ਸਾਬਕਾ ਵਿਧਾਇਕ ਸ੍ਰੀ ਨਰਿੰਦਰ ਗੁਪਤਾ ਸਮੇਤ ਸੂਬੇ ਭਰ ਤੋਂ ਆਏ ਕਾਰੀਗਰ, ਸ਼ਿਲਪਕਾਰ, ਕਲਾਕਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ।


