ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵਿੱਢੀ ’ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦੌਰਾਨ ਅੰਤਰ-ਰਾਸ਼ਟਰੀ ਸੰਗਠਿਤ ਅਪਰਾਧ ਵਿਰੁੱਧ ਵੱਡੀ ਸਫ਼ਲਤਾ ਹਾਸਲ ਕਰਦਿਆਂ, ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਅਤੇ ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (ਓ.ਐਫ.ਟੀ.ਈ.ਸੀ.) ਨੇ ਕੇਂਦਰੀ ਏਜੰਸੀਆਂ ਦੀ ਸਹਾਇਤਾ ਨਾਲ ਜੱਗੂ ਭਗਵਾਨਪੁਰੀਆ ਗੈਂਗ ਦੇ ਅਹਿਮ ਗੁਰਗੇ ਅਤੇ ਭਗੌੜੇ ਅਪਰਾਧੀ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਦੀ ਮੋਲਦੋਵਾ ਗਣਰਾਜ ਤੋਂ ਹਵਾਲਗੀ ਪ੍ਰਾਪਤ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਇਹ ਮੁਲਜ਼ਮ ਕਤਲ, ਇਰਾਦਾ ਕਤਲ, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ), ਅਸਲਾ ਐਕਟ, ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ। ਜ਼ਿਕਰਯੋਗ ਹੈ ਕਿ ਦੋਸ਼ੀ ਅੰਮ੍ਰਿਤ ਦਾਲਮ ਨੂੰ 24 ਫਰਵਰੀ, 2026 ਨੂੰ ਮੋਲਦੋਵਾ ਦੇ ਅਧਿਕਾਰੀਆਂ ਨੇ ਉਸ ਸਮੇਂ ਹਿਰਾਸਤ ਵਿੱਚ ਲਿਆ ਸੀ, ਜਦੋਂ ਉਹ ਓਟਾਸੀ ਰਾਜ ਦੀ ਸਰਹੱਦ ਪਾਰ ਕਰਕੇ ਯੂਕਰੇਨ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਉਪਰੰਤ, ਓ.ਐਫ.ਟੀ.ਈ.ਸੀ. ਪੰਜਾਬ ਰਾਹੀਂ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਇਨ੍ਹਾਂ ਕਾਰਵਾਈਆਂ ਦੌਰਾਨ, ’ਕੋਰਟ ਆਫ਼ ਚਿਸੀਨਾਉ’ ਨੇ 26 ਮਈ, 2026 ਨੂੰ ਅੰਮ੍ਰਿਤਪਾਲ ਸਿੰਘ ਨੂੰ ਭਾਰਤ ਵਾਪਸ ਭੇਜਣ ਬਾਰੇ ਮਨਜ਼ੂਰੀ ਦੇ ਦਿੱਤੀ। ਹਵਾਲਗੀ ਦੇ ਹੁਕਮਾਂ ਵਿਰੁੱਧ ਉਸ ਦੀ ਅਪੀਲ ਨੂੰ ’ਕੋਰਟ ਆਫ਼ ਅਪੀਲ ਸੈਂਟਰੂ’ ਵੱਲੋਂ 16 ਜੁਲਾਈ, 2026 ਨੂੰ ਰੱਦ ਕਰ ਦਿੱਤਾ ਗਿਆ, ਜਿਸ ਨਾਲ ਹਵਾਲਗੀ ਦੇ ਹੁਕਮ ਨੂੰ ਅੰਤਿਮ ਰੂਪ ਦਿੱਤਾ ਗਿਆ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਦੀ ਹਵਾਲਗੀ ਤੋਂ ਬਾਅਦ ਪੰਜਾਬ ਪੁਲੀਸ ਦੀ ਚਾਰ ਮੈਂਬਰੀ ਟੀਮ ਉਸ ਨੂੰ ਭਾਰਤ ਵਾਪਸ ਲਿਆਉਣ ਲਈ ਮੋਲਦੋਵਾ ਭੇਜੀ ਗਈ। ਐਸਪੀ ਏਜੀਟੀਐਫ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਵਿੱਚ ਇੰਸਪੈਕਟਰ ਪੁਸ਼ਵਿੰਦਰ ਸਿੰਘ, ਐਸਆਈ ਜਸਪ੍ਰੀਤ ਸਿੰਘ ਅਤੇ ਏਐਸਆਈ ਵਰਿੰਦਰ ਕੁਮਾਰ ਸ਼ਾਮਲ ਸਨ।
ਡੀਜੀਪੀ ਗੌਰਵ ਯਾਦਵ ਨੇ ਏ.ਜੀ.ਟੀ.ਐਫ. ਪੰਜਾਬ ਅਤੇ ਓ.ਐਫ.ਟੀ.ਈ.ਸੀ. ਪੰਜਾਬ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਇਸ ਅੰਤਰਰਾਸ਼ਟਰੀ ਸਹਿਯੋਗ ਲਈ ਮੋਲਦੋਵਾ ਅਤੇ ਅਜ਼ਰਬਾਈਜਾਨ ਦੀਆਂ ਅਥਾਰਟੀਆਂ, ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਆਈ.ਪੀ.ਸੀ.ਯੂ.-ਸੀ.ਬੀ.ਆਈ.) ਦੀ ਇੰਟਰਨੈਸ਼ਨਲ ਪੁਲਿਸ ਕੋਆਪਰੇਸ਼ਨ ਯੂਨਿਟ (ਆਈ.ਪੀ.ਸੀ.ਯੂ.), ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਹੋਰ ਸਾਰੀਆਂ ਕੇਂਦਰੀ ਏਜੰਸੀਆਂ ਦਾ ਵੀ ਧੰਨਵਾਦ ਕੀਤਾ।
ਏ.ਡੀ.ਜੀ.ਪੀ. ਨੇ ਦੱਸਿਆ ਕਿ ਫਰਾਰ ਹੋਣ ਤੋਂ ਬਾਅਦ ਕਈ ਦੇਸ਼ਾਂ ਵਿੱਚ ਮੁਲਜ਼ਮ ਅੰਮ੍ਰਿਤ ਦਾਲਮ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਨੇ ਮੁਲਜ਼ਮ ਵਿਰੁੱਧ ’ਰੈੱਡ ਨੋਟਿਸ’ ਜਾਰੀ ਕੀਤਾ ਸੀ ਅਤੇ ਸਮੇਂ-ਸਮੇਂ ’ਤੇ ਕੇਂਦਰੀ ਏਜੰਸੀਆਂ ਨਾਲ ਉਸਦੇ ਜਾਅਲੀ ਪਾਸਪੋਰਟ ਅਤੇ ਟਿਕਾਣਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਮੁਲਜ਼ਮ ਦੀ ਹਵਾਲਗੀ ਸੰਭਵ ਹੋ ਸਕੀ।
ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਕਾਊਂਟਰ ਇੰਟੈਲੀਜੈਂਸ ਅਸ਼ੀਸ਼ ਚੌਧਰੀ ਨੇ ਕਿਹਾ ਕਿ ਓ.ਐਫ.ਟੀ.ਈ.ਸੀ. ਦੀ ਸਥਾਪਨਾ ਤੋਂ ਲੈ ਕੇ, ਮੌਜੂਦਾ ਹਵਾਲਗੀ ਤੋਂ ਇਲਾਵਾ 9 ਅਤਿ ਲੋੜੀਂਦੇ ਭਗੌੜਿਆਂ ਦੀ ਵੱਖ-ਵੱਖ ਦੇਸ਼ਾਂ ਤੋਂ ਹਵਾਲਗੀ ਪ੍ਰਾਪਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੈੱਲ ਦੇ ਠੋਸ ਯਤਨਾਂ ਸਦਕਾ, ਇਸ ਸਾਲ ਹਵਾਲਗੀ ਸਬੰਧੀ ਭੇਜੀਆਂ ਗਈਆਂ ਦੋ ਬੇਨਤੀਆਂ ਨੂੰ ਸਫਲਤਾ ਮਿਲੀ ਸੀ, ਜਿਸ ਵਿੱਚ ਯੂਏਈ ਤੋਂ ਅੰਮ੍ਰਿਤਪਾਲ ਮਹਿਰੋਂ ਦੀ ਹਵਾਲਗੀ ਦਾ ਮਾਮਲਾ ਸ਼ਾਮਲ ਹੈ।
ਆਈਜੀਪੀ ਨੇ ਦੱਸਿਆ ਕਿ ਓ.ਐਫ.ਟੀ.ਈ.ਸੀ. ਵੱਲੋਂ 11 ਹੋਰ ਵਿਦੇਸ਼ ਅਧਾਰਿਤ ਭਗੌੜਿਆਂ ਦੀ ਹਵਾਲਗੀ ਲਈ ਯਤਨ ਕੀਤੇ ਜਾ ਰਹੇ ਹਨ।
Breaking News
- ‘ਸ਼ੀਸ਼ ਮਹਿਲ’ ਨੂੰ ਲੈ ਕੇ ਸੀਐਮ ਰੇਖਾ ਗੁਪਤਾ ਦਾ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ, ਕਿਹਾ- ਦਿੱਲੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗਣੀ ਚਾਹੀਦੀ ਹੈ ਸੱਚਾਈ
- ‘ਇੱਕੋ ਭਾਈਚਾਰੇ ਨੂੰ ਖੁਸ਼ ਕਰਨ ਲਈ ਹੋ ਰਹੀਆਂ ਜੱਜਾਂ ਦੀਆਂ ਸਿਫ਼ਾਰਸ਼ਾਂ’, ਸਾਬਕਾ CJI ਬੀਆਰ ਗਵਈ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ
- ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਲੜੀਵਾਰ ਮੀਟਿੰਗਾਂ, ਜਾਇਜ਼ ਮੰਗਾਂ ਜਲਦ ਪੂਰੀਆਂ ਕਰਨ ਦਾ ਦਿੱਤਾ ਭਰੋਸਾ
- ਜਲੰਧਰ ਦਿਹਾਤੀ ‘ਚ ਹਰਕਮਲਪ੍ਰੀਤ ਸਿੰਘ ਖੱਖ ਨੇ ਸੰਭਾਲਿਆ SSP ਦਾ ਚਾਰਜ, ਦਿੱਤਾ ਗਿਆ ਗਾਰਡ ਆਫ਼ ਆਨਰ
- ਪਿਛਲੇ 5 ਸਾਲਾਂ ’ਚ ਭਾਜਪਾ ਨੇ ਮੇਰੇ ਤੋਂ ਕੋਈ ਸਿਆਸੀ ਸਲਾਹ ਨਹੀਂ ਲਈ : ਕੈਪਟਨ ਅਮਰਿੰਦਰ
- ਮਹਿਲਾ ਰਾਖਵਾਂਕਰਨ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਫਿਰ ਤੋਂ ਲੋਕ ਸਭਾ ਵਿਚ ਲਿਆਂਦਾ ਜਾਵੇਗਾ ਬਿੱਲ
- ਪੰਚਕੂਲਾ ‘ਚ CM ਨਾਇਬ ਸੈਣੀ ਦਾ ਵੱਡਾ ਤੋਹਫ਼ਾ; ਆਸ਼ਰਮ ਨੂੰ ਦਿੱਤੇ 21 ਲੱਖ ਰੁਪਏ
- ਪਾਕਿਸਤਾਨ ਤਿੰਨ-ਪੱਖੀ ਰੱਖਿਆ ਸਮਝੌਤੇ ਤਹਿਤ ਸਾਊਦੀ ਅਰਬ ਅਤੇ ਤੁਰਕੀ ਨਾਲ ਗੱਲਬਾਤ ਦੀ ਕਰੇਗਾ ਮੇਜ਼ਬਾਨੀ


