ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਬਣੇ ਵਿਜੇ ਥਲਾਪਤੀ,
ੋ ਪ੍ਰਮੁੱਖ ਦ੍ਰਾਵਿੜ ਪਾਰਟੀਆਂ ਦਾ ਲਗਭਗ ਛੇ ਦਹਾਕੇ ਪੁਰਾਣਾ ਸ਼ਾਸਨ ਖਤਮ
ਚੇਨੰਈ, 10 ਮਈ (ਦੇਸ਼ ਪ੍ਰਦੇਸ਼ ਬਿਊਰੋ) :- : ਅਦਾਕਾਰ ਤੋਂ ਸਿਆਸਤਦਾਨ ਬਣੇ ਸੀ ਜੋਸਫ਼ ਵਿਜੇ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਰਾਜਪਾਲ ਰਾਜੇਂਦਰ ਅਰਲੇਕਰ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸਮਾਰੋਹ ਦੌਰਾਨ ਉਨ੍ਹਾਂ ਦੇ ਪਿਤਾ ਭਾਵੁਕ ਦਿਖਾਈ ਦਿੱਤੇ। ਤਾਮਿਲਨਾਡੂ ਚੋਣਾਂ ’ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਟੀਵੀਕੇ ਸਰਕਾਰ ਦਾ ਸਹੁੰ ਚੁੱਕ ਸਮਾਗਮ ਚੇਨੱਈ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਰੱਖਿਆ ਗਿਆ, ਜਿਸ ਦੌਰਾਨ ਮੁੱਖ ਮੰਤਰੀ ਤੋਂ ਇਲਾਵਾ 9 ਕੈਬਨਿਟ ਮੰਤਰੀਆਂ ਨੇ ਵੀ ਸਹੁੰ ਚੁੱਕੀ। ਇਸ ਦੇ ਨਾਲ, ਦੋ ਪ੍ਰਮੁੱਖ ਦ੍ਰਾਵਿੜ ਪਾਰਟੀਆਂ, ਡੀਐਮਕੇ ਅਤੇ ਏਆਈਏਡੀਐਮਕੇ ਦਾ ਲਗਭਗ ਛੇ ਦਹਾਕੇ ਪੁਰਾਣਾ ਸ਼ਾਸਨ ਖਤਮ ਹੋ ਗਿਆ ਹੈ। ਵਿਜੇ ਕਾਂਗਰਸ ਦੇ ਸਮਰਥਨ ਨਾਲ ਗੱਠਜੋੜ ਸਰਕਾਰ ਦੀ ਅਗਵਾਈ ਕਰਨਗੇ। ਰਾਜਪਾਲ ਨੇ ਵਿਜੇ ਨੂੰ 13 ਮਈ ਨੂੰ ਜਾਂ ਇਸ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਵਿਸ਼ਵਾਸ ਵੋਟ ਲੈਣ ਦਾ ਨਿਰਦੇਸ਼ ਵੀ ਦਿੱਤਾ ਹੈ। ਇਸਤੋਂ ਪਹਿਲਾਂ ਸਹੁੰ ਚੁੱਕ ਸਮਾਗਮ ’ਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ਕਈ ਪ੍ਰਮੁੱਖ ਵਿਰੋਧੀ ਧਿਰ ਦੇ ਨੇਤਾ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ। ਸਹੁੰ ਚੁੱਕ ਸਮਾਗਮ ਦੇਖਣ ਲਈ ਵਿਜੇ ਦੇ ਸਮਰਥਕਾਂ ਦੀ ਇੱਕ ਵੱਡੀ ਗਿਣਤੀ ਸਟੇਡੀਅਮ ਵਿੱਚ ਇਕੱਠੀ ਹੋਈ।
ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਰਾਜਨੀਤਿਕ ਅਨਿਸ਼ਚਿਤਤਾ ਸ਼ਨੀਵਾਰ ਸ਼ਾਮ ਨੂੰ ਖਤਮ ਹੋ ਗਈ, ਜਦੋਂ ਵੀਸੀਕੇ ਅਤੇ ਆਈਯੂਐਮਐਲ ਨੇ ਆਪਣਾ ਸਮਰਥਨ ਦਿੱਤਾ, ਜਿਸ ਨਾਲ ਟੀਵੀਸੀ ਦੀ ਗਿਣਤੀ 120 ਹੋ ਗਈ। ਇਸ ਪਿੱਛੋਂ ਵਿਜੇ ਨੇ ਚੇਨੱਈ ਦੇ ਲੋਕ ਭਵਨ ਵਿੱਚ ਮੁੜ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ ਅਤੇ ਕਾਂਗਰਸ, ਸੀਪੀਆਈ, ਸੀਪੀਆਈ(ਐਮ), ਵੀਸੀਕੇ ਅਤੇ ਆਈਯੂਐਮਐਲ ਦੇ ਸਮਰਥਨ ਪੱਤਰ ਸੌਂਪੇ ਸਨ।
ਜ਼ਿਕਰਯੋਗ ਹੈ ਕਿ ਹਾਲੀਆ ਵਿਧਾਨ ਸਭਾ ਚੋਣਾਂ ਵਿੱਚ, ਟੀਵੀਸੀ ਨੇ 108 ਸੀਟਾਂ ਜਿੱਤੀਆਂ। ਹਾਲਾਂਕਿ, ਅਸਲ ਗਿਣਤੀ 107 ਹੈ, ਕਿਉਂਕਿ ਪਾਰਟੀ ਪ੍ਰਧਾਨ ਵਿਜੇ ਦੋ ਸੀਟਾਂ ਤੋਂ ਚੁਣੇ ਗਏ ਸਨ ਅਤੇ ਉਨ੍ਹਾਂ ਨੂੰ ਇੱਕ ਖਾਲੀ ਕਰਨੀ ਪਵੇਗੀ।
ਮੁੱਖ ਮੰਤਰੀ ਸਮੇਤ ਕੈਬਨਿਟ ਦੇ 9 ਹੋਰ ਮੰਤਰੀਆਂ ਨੇ ਵੀ ਐਤਵਾਰ ਨੂੰ ਸਹੁੰ ਚੁੱਕੀ। ਦੱਸ ਦਈਏ ਕਿ ਵਿਜੇ ਵੱਲੋਂ ਮੰਤਰੀ ਮੰਡਲ ਵਿੱਚ ਇੱਕ ਔਰਤ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਵੀ ਨੁਮਾਇੰਦਗੀ ਦਿੱਤੀ ਗਈ ਹੈ। ਕੈਬਨਿਟ ਸੂਚੀ ਵਿੱਚ ਫਿਲਹਾਲ ਐਨ. ਆਨੰਦ, ਅਧਵ ਅਰਜੁਨ, ਡਾ. ਕੇ.ਜੀ. ਅਰੁਣਰਾਜ, ਕੇ.ਏ. ਸੇਂਗੋਟਾਈਅਨ, ਪੀ. ਵੈਂਕਟਰਮਨਨ , ਆਰ. ਨਿਰਮਲਕੁਮਾਰ, ਰਾਜਮੋਹਨ, ਡਾ. ਟੀ.ਕੇ. ਪ੍ਰਭੂ, ਸੇਲਵੀ ਐਸ. ਕੀਰਥਨਾ ਸ਼ਾਮਲ ਹਨ।


