ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੰਡੀਆ ਗੱਠਜੋੜ ਵੱਲੋਂ ਕੀਤੀ ਗਈ ਵਿਸ਼ਾਲ ਰੈਲੀ ਦੇ ਜਵਾਬ ਵਿੱਚ ਵਿਰੋਧੀ ਧਿਰ ’ਤੇ ਤਿੱਖਾ ਹਮਲਾ ਕੀਤਾ। ਇਸ ਰੈਲੀ ਦੌਰਾਨ ਵਿਰੋਧੀ ਪਾਰਟੀਆਂ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (ਐਸਆਈਆਰ) ਦੀ ਪ੍ਰਕਿਰਿਆ ਵਿੱਚ ਕਥਿਤ ਬੇਨਿਯਮੀਆਂ ਅਤੇ ਵੋਟਰਾਂ ਦੇ ਨਾਵਾਂ ਨੂੰ ਸੂਚੀਆਂ ਵਿੱਚੋਂ ਕੱਟੇ ਜਾਣ ਦੇ ਵਿਰੋਧ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਸੀ।
ਸ਼ਾਹ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਵਿਰੋਧੀ ਗੱਠਜੋੜ ਨੂੰ ਨਿਸ਼ਾਨੇ ’ਤੇ ਲੈਂਦਿਆਂ ਚਿਤਾਵਨੀ ਦਿੱਤੀ ਕਿ ਰੁਕਾਵਟਾਂ ਪੈਦਾ ਕਰਨ ਅਤੇ ਨਕਾਰਾਤਮਕ ਰਾਜਨੀਤੀ ਕਰਨ ਦੀ ਉਨ੍ਹਾਂ ਦੀ ਪਹੁੰਚ ਉਨ੍ਹਾਂ ਨੂੰ ਸੱਤਾ ਤੋਂ ਦੂਰ ਹੀ ਰੱਖੇਗੀ।
ਵਿਰੋਧੀ ਗੱਠਜੋੜ ਦੀ ਕਾਰਜਸ਼ੈਲੀ ’ਤੇ ਤਨਜ਼ ਕੱਸਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਸੰਸਦ ਦੀ ਕਾਰਵਾਈ ਵਿੱਚ ਰੁਕਾਵਟਾਂ ਪੈਦਾ ਕਰਨ ਅਤੇ ਸੜਕਾਂ ’ਤੇ ਸਿਆਸੀ ਡਰਾਮੇ ਕਰਨ ਨਾਲ ਵਿਰੋਧੀ ਧਿਰ ਦੀ ਸਿਆਸੀ ਅਹਿਮੀਅਤ ਹੋਰ ਘਟੇਗੀ।
ਉਨ੍ਹਾਂ ਕਿਹਾ, “ਝੂਠ ਬੋਲਣਾ, ਅਰਾਜਕਤਾ ਫੈਲਾਉਣਾ, ਨਕਾਰਾਤਮਕਤਾ ਦਾ ਪ੍ਰਚਾਰ ਕਰਨਾ, ਸੰਸਦ ਦੀ ਕਾਰਵਾਈ ਵਿੱਚ ਰੁਕਾਵਟ ਪਾਉਣਾ ਅਤੇ ਸੰਸਦ ਦੇ ਮੁੱਦਿਆਂ ਨੂੰ ਸੜਕਾਂ ’ਤੇ ਲਿਜਾ ਕੇ ਹੰਗਾਮਾ ਖੜ੍ਹਾ ਕਰਨਾ ਤੁਹਾਡੀ ਫ਼?ਤਰਤ ਬਣ ਚੁੱਕੀ ਹੈ। ਜੇਕਰ ਤੁਹਾਡੀ ਇਹੀ ਪਹੁੰਚ ਰਹੀ ਤਾਂ ਵਿਰੋਧੀ ਧਿਰ ਵਿੱਚ ਹੋਰ ਪੰਜ ਸਾਲ ਬੈਠਣ ਲਈ ਤਿਆਰ ਰਹੋ।”
ਰਾਹੁਲ ਗਾਂਧੀ ਦੀਆਂ ਪ੍ਰਧਾਨ ਮੰਤਰੀ ਬਣਨ ਦੀਆਂ ਸਿਆਸੀ ਇੱਛਾਵਾਂ ’ਤੇ ਨਿਸ਼ਾਨਾ ਸਾਧਦਿਆਂ ਸ਼ਾਹ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਪੁੱਤਰ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਸੋਨੀਆ ਗਾਂਧੀ ਦਾ ਸਿਆਸੀ ਸੁਪਨਾ ਪੂਰਾ ਨਹੀਂ ਹੋਣ ਵਾਲਾ।
ਸ਼ਾਹ ਨੇ ਕਿਹਾ ਕਿ ਪਿਛਲੇ 15 ਸਾਲਾਂ ਦੌਰਾਨ, ਜੋ ਤਿੰਨ ਚੋਣਾਂ ਦੇ ਸਮੇਂ ਦੇ ਬਰਾਬਰ ਹਨ, ਸੋਨੀਆ ਗਾਂਧੀ ਦਾ ਆਪਣੇ ਪੁੱਤਰ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਸੁਪਨਾ ਅਧੂਰਾ ਹੀ ਰਿਹਾ ਹੈ। ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਹੁਣ ਵਿਰੋਧੀ ਧਿਰ ਨੇ ਨਵਾਂ ਤਰੀਕਾ ਅਪਣਾਇਆ ਹੈ ਅਤੇ ‘ਮੌਕ ਪਾਰਲੀਮੈਂਟ’ (ਸੰਸਦ ਦੀ ਨਕਲ) ਕਰਵਾਉਣੀ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਰਾਹੁਲ ਗਾਂਧੀ ਨੂੰ ਸੰਬੋਧਨ ਕਰਦਿਆਂ ਕਿਹਾ, “ਰਾਹੁਲ ਜੀ, ਜੇਕਰ ਤੁਸੀਂ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹੋ ਤਾਂ ਸਾਰੀ ਜ਼ਿੰਦਗੀ ਮੌਕ ਪਾਰਲੀਮੈਂਟ ਵਿੱਚ ਹੀ ਬੈਠੇ ਰਹੋ, ਕਿਉਂਕਿ ਤੁਹਾਡੀ ਵਾਰੀ ਕਦੇ ਨਹੀਂ ਆਉਣ ਵਾਲੀ।”
ਇਸ ਦੌਰਾਨ ਅਮਿਤ ਸ਼ਾਹ ਨੇ ਨਸ਼ਿਆਂ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਵੀ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ 31 ਦਸੰਬਰ, 2029 ਤੱਕ ਪੰਜਾਬ ਸਮੇਤ ਪੂਰੇ ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।
ਸ਼ਾਹ ਨੇ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਤੇਜ਼ੀ ਨਾਲ ਤਰੱਕੀ ਦੇ ਰਾਹ ’ਤੇ ਅੱਗੇ ਲਿਜਾ ਰਹੇ ਹਨ। ਉਨ੍ਹਾਂ ਧਾਰਾ 370 ਖ਼ਤਮ ਕਰਨ, ਨਕਸਲਵਾਦ ਦੇ ਖ਼ਾਤਮੇ ਅਤੇ ਤਿੰਨ ਤਲਾਕ ਦੀ ਪ੍ਰਥਾ ’ਤੇ ਪਾਬੰਦੀ ਵਰਗੇ ਫ਼ੈਸਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਨੇ ਕਈ ਵੱਡੇ ਟੀਚੇ ਹਾਸਲ ਕੀਤੇ ਹਨ।
Breaking News
- ਅਮਨ ਅਰੋੜਾ ਵੱਲੋਂ 5,600 ਵਿਦਿਆਰਥੀਆਂ ਨੂੰ ਸਕੂਲੀ ਬੈਗਾਂ ਦੀ ਵੰਡ; ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
- ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਪਿੰਡ ਈਸਾਪੁਰ ਦੇ 200 ਪਰਿਵਾਰਾਂ ਨੂੰ ਮਿਲੇ ਮਾਲਕੀ ਹੱਕ
- ਧੂਰੀ ਨੇਤਰ ਬੈਂਕ ਸੰਮਤੀ ਅਤੇ ਨਿਸ਼ਕਾਮ ਸੇਵਾ ਸਭਾ ਨੇ ਅੱਖਾਂ ਦਾ 39ਵਾਂ ਵਿਸ਼ਾਲ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ
- ਡੀ.ਜੀ.ਪੀ. ਐਮ.ਐਫ. ਫਾਰੂਕੀ ਭਾਰਤੀ ਚੌਕਬਾਲ ਐਸੋਸੀਏਸ਼ਨ ਦੇ ਨਿਰਵਿਰੋਧ ਚੁਣੇ ਗਏ ਪ੍ਰਧਾਨ
- ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ-2026 ਤਹਿਤ ਸੁਖਦੇਵ ਮਾਦਪੁਰੀ ਯਾਦਗਾਰੀ ਸਮਾਗਮ ਅਤੇ ਸਾਹਿਤਕ ਵਿਚਾਰ-ਚਰਚਾ ਕਰਵਾਈ ਗਈ
- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ 2 ਅਤੇ 3 ਦਸੰਬਰ ਨੂੰ ਮੀਟ, ਅੰਡੇ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ
- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਪੰਜਾਬ ਘੋੜਸਵਾਰੀ ਮੇਲਾ-3 ਦੇ ਦੂਜੇ ਦਿਨ ਪੱਲਣਪੁਰ ਵਿਖੇ ਸ਼ਿਰਕਤ
- ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ: ਮਾਨ ਸਰਕਾਰ ਵੱਲੋਂ 29 ਨਵੰਬਰ ਨੂੰ ਵਾਰਾਣਸੀ ਵਿਖੇ ਕਰਵਾਇਆ ਜਾਵੇਗਾ ਮਹਾਨ ਕੀਰਤਨ ਸਮਾਗਮ


