ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੀਆਂ ਸਰਗਰਮੀਆਂ ਤੇਜ਼ ਕਰਦਿਆਂ ਭਾਰਤੀ ਜਨਤਾ ਪਾਰਟੀ ਵੱਲੋਂ ਸਮਾਜਿਕ ਪਹੁੰਚ ਵਧਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸੇ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ 18 ਨਵੰਬਰ ਨੂੰ ਜਲੰਧਰ ਪਹੁੰਚਣਗੇ ਅਤੇ ਸੰਤ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸਮਰਸਤਾ ਸੰਕਲਪ ਯਾਤਰਾ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਮੌਕੇ ਉਨ੍ਹਾਂ ਵੱਲੋਂ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਦਾ ਵੀ ਪ੍ਰੋਗਰਾਮ ਹੈ।
ਇਹ ਯਾਤਰਾ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਦੇ ਨੇੜਿਓਂ ਸ਼ੁਰੂ ਹੋਵੇਗੀ ਅਤੇ 5 ਦਸੰਬਰ ਨੂੰ ਵਾਰਾਣਸੀ ਵਿਖੇ ਸਮਾਪਤ ਹੋਵੇਗੀ। ਯਾਤਰਾ ਦੌਰਾਨ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਸੱਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 46 ਸ਼ਹਿਰਾਂ ਨੂੰ ਕਵਰ ਕੀਤਾ ਜਾਵੇਗਾ।
ਭਾਜਪਾ ਵੱਲੋਂ ਇਸ ਮੁਹਿੰਮ ਰਾਹੀਂ ਸੰਤ ਗੁਰੂ ਰਵਿਦਾਸ ਜੀ ਦੀਆਂ ਬਰਾਬਰਤਾ, ਸਮਾਜਿਕ ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਉਦੇਸ਼ ਰੱਖਿਆ ਗਿਆ ਹੈ। ਪਾਰਟੀ ਅਨੁਸਾਰ ਯਾਤਰਾ ਦਾ ਸੰਦੇਸ਼ ਜਾਤੀਵਾਦ ਅਤੇ ਸਮਾਜਿਕ ਵੰਡ ਤੋਂ ਉੱਪਰ ਉੱਠ ਕੇ ਸਮਾਨਤਾ ਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨਾ ਹੈ।
ਯਾਤਰਾ ਦਾ ਮੁੱਖ ਕੇਂਦਰ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸੰਪਰਕ ਮਜ਼ਬੂਤ ਕਰਨਾ ਅਤੇ ਸੰਤ ਰਵਿਦਾਸ ਜੀ ਦੇ ਵਿਚਾਰਾਂ ਦਾ ਪ੍ਰਚਾਰ ਕਰਨਾ ਹੈ। ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਰਵਿਦਾਸੀਆ ਭਾਈਚਾਰੇ ਦੀ ਵੱਡੀ ਮੌਜੂਦਗੀ ਨੂੰ ਦੇਖਦਿਆਂ ਭਾਜਪਾ ਇਸ ਯਾਤਰਾ ਨੂੰ ਅਹਿਮ ਮੰਨ ਰਹੀ ਹੈ। ਪਾਰਟੀ ਦਾ ਮੰਨਣਾ ਹੈ ਕਿ ਸੰਤ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਸਮਾਜ ਵਿੱਚ ਬਰਾਬਰੀ ਅਤੇ ਏਕਤਾ ਦਾ ਸੰਦੇਸ਼ ਦਿੰਦੀਆਂ ਹਨ। ਸਿਆਸੀ ਹਲਕਿਆਂ ਵਿੱਚ ਇਸ ਯਾਤਰਾ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀਆਂ ਤਿਆਰੀਆਂ ਅਤੇ ਦਲਿਤ ਭਾਈਚਾਰੇ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡੇਰਾ ਸੱਚਖੰਡ ਬੱਲਾਂ ਦਾ ਦੌਰਾ ਕੀਤੇ ਜਾਣ ਤੋਂ ਬਾਅਦ ਇਸ ਭਾਈਚਾਰੇ ਨਾਲ ਜੁੜੇ ਮੁੱਦੇ ਸਿਆਸੀ ਚਰਚਾ ਵਿੱਚ ਰਹੇ ਹਨ।
ਜ਼ਿਕਰਯੋਗ ਹੈ ਕਿ ਡੇਰਾ ਸੱਚਖੰਡ ਬੱਲਾਂ ਪੰਜਾਬ ਦੇ ਰਵਿਦਾਸੀਆ ਭਾਈਚਾਰੇ ਦਾ ਪ੍ਰਮੁੱਖ ਧਾਰਮਿਕ ਅਤੇ ਅਧਿਆਤਮਿਕ ਕੇਂਦਰ ਹੈ।
Breaking News
- ਅਮਨ ਅਰੋੜਾ ਵੱਲੋਂ 5,600 ਵਿਦਿਆਰਥੀਆਂ ਨੂੰ ਸਕੂਲੀ ਬੈਗਾਂ ਦੀ ਵੰਡ; ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
- ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਪਿੰਡ ਈਸਾਪੁਰ ਦੇ 200 ਪਰਿਵਾਰਾਂ ਨੂੰ ਮਿਲੇ ਮਾਲਕੀ ਹੱਕ
- ਧੂਰੀ ਨੇਤਰ ਬੈਂਕ ਸੰਮਤੀ ਅਤੇ ਨਿਸ਼ਕਾਮ ਸੇਵਾ ਸਭਾ ਨੇ ਅੱਖਾਂ ਦਾ 39ਵਾਂ ਵਿਸ਼ਾਲ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ
- ਡੀ.ਜੀ.ਪੀ. ਐਮ.ਐਫ. ਫਾਰੂਕੀ ਭਾਰਤੀ ਚੌਕਬਾਲ ਐਸੋਸੀਏਸ਼ਨ ਦੇ ਨਿਰਵਿਰੋਧ ਚੁਣੇ ਗਏ ਪ੍ਰਧਾਨ
- ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ-2026 ਤਹਿਤ ਸੁਖਦੇਵ ਮਾਦਪੁਰੀ ਯਾਦਗਾਰੀ ਸਮਾਗਮ ਅਤੇ ਸਾਹਿਤਕ ਵਿਚਾਰ-ਚਰਚਾ ਕਰਵਾਈ ਗਈ
- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ 2 ਅਤੇ 3 ਦਸੰਬਰ ਨੂੰ ਮੀਟ, ਅੰਡੇ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ
- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਪੰਜਾਬ ਘੋੜਸਵਾਰੀ ਮੇਲਾ-3 ਦੇ ਦੂਜੇ ਦਿਨ ਪੱਲਣਪੁਰ ਵਿਖੇ ਸ਼ਿਰਕਤ
- ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ: ਮਾਨ ਸਰਕਾਰ ਵੱਲੋਂ 29 ਨਵੰਬਰ ਨੂੰ ਵਾਰਾਣਸੀ ਵਿਖੇ ਕਰਵਾਇਆ ਜਾਵੇਗਾ ਮਹਾਨ ਕੀਰਤਨ ਸਮਾਗਮ


